Lucky News Wala ਲੱਕੀ ਨਿਊਜ਼ ਵਾਲਾ

*'ਵਿਦਿਆ ਵੀਚਾਰੀ ਤਾ ਪਰਉਪਕਾਰੀ' ਦੇ ਰਸਤੇ ਤੁਰਦੀ ਪੰਜਾਬੀ ਯੂਨੀਵਰਸਿਟੀ

ਪੰਜਾਬੀ ਯੂਨੀਵਰਸਿਟੀ ਲਈ ਚੰਗੀ ਖ਼ਬਰ ਹੈ ਕਿ 2024 ਵਿੱਚ ਯੂਨੀਵਰਸਿਟੀ ਦੇ ਅੰਡਰਗਰੈਜੂਏਟ ਕੋਰਸਾਂ ਵਿੱਚ 40 ਫੀਸਦੀ ਵਾਧਾ ਹੋਇਆ ਹੈ। ਇਸ ਬਹਾਨੇ ਪੰਜਾਬੀ ਯੂਨੀਵਰਸਿਟੀ ਦੀਆਂ ਵਿਲੱਖਣਤਾਵਾਂ ਬਾਰੇ ਗੱਲ ਕੀਤੀ ਜਾ ਸਕਦੀ ਹੈ। ਪੰਜਾਬੀ ਯੂਨੀਵਰਸਿਟੀ ਦਾ ਨਾਮ ਜਦੋਂ ਜ਼ੁਬਾਨ ਤੇ ਆਉਂਦਾ ਹੈ, ਤਾਂ ਮਨ ਵਿੱਚ ਪੰਜਾਬੀ ਮਾਂ ਬੋਲੀ ਲਈ ਇੱਜਤ-ਮਾਣ ਹੋਰ ਵੀ ਜਿਆਦਾ ਵੱਧ ਜਾਂਦਾ ਹੈ। ਪੰਜਾਬੀ ਯੂਨੀਵਰਸਿਟੀ ਸੱਚਮੁਚ 'ਵਿਦਿਆ ਵੀਚਾਰੀ ਤਾ ਪਰਉਪਕਾਰੀ' ਦੇ ਰਸਤੇ ਤੁਰਨ ਵਾਲਾ ਅਦਾਰਾ ਹੈ।

ਪੰਜਾਬੀ ਯੂਨੀਵਰਸਟੀ ਭਾਰਤ ਦੀ ਪਹਿਲੀ ਅਤੇ ਇਜ਼ਰਾਈਲ ਦੀ ਹੀਬਰਿਊ ਯੂਨੀਵਰਸਿਟੀ ਤੋਂ ਬਾਅਦ ਦੁਨੀਆ ਦੀ ਦੂਜੀ ਯੂਨੀਵਰਸਿਟੀ ਹੈ, ਜੋ ਭਾਸ਼ਾ ਦੇ ਨਾਮ ਤੇ ਸਥਾਪਿਤ ਕੀਤੀ ਗਈ ਹੈ।

ਇਤਿਹਾਸ ਉੱਤੇ ਝਾਤੀ ਮਾਰੀਏ ਤਾਂ ਪੰਜਾਬ ਵਿਧਾਨ ਸਭਾ ਨੇ 1961 ਦੇ ਐਕਟ ਨੰਬਰ 35 ਅਧੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ 30 ਅਪ੍ਰੈਲ 1962 ਵਿਚ ਕੀਤੀ ਗਈ। ਇਸ ਉਪਰੰਤ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਐਸ. ਰਾਧਾ. ਕ੍ਰਿਸ਼ਨਨ ਵਲੋਂ 24 ਜੂਨ 1962 ਈ. ਵਿਚ ਇਸਦਾ ਨੀਂਹ ਪੱਥਰ ਰੱਖਿਆ ਗਿਆ। ਉਹਨਾਂ ਆਪਣੇ ਭਾਸ਼ਣ ਵਿਚ ਕਿਹਾ ਕਿ ਉੱਚ ਸਿੱਖਿਆ ਦੇਣ ਵਾਲੀਆ ਸੰਸਥਾਵਾਂ ਦੇਸ਼/ਕੌਮ ਦੀ ਉਸਾਰੀ ਵਿਚ ਅਹਿਮ ਯੋਗਦਾਨ ਨਿਭਾਉਂਦੀਆਂ ਹਨ। ਸਾਡਾ ਟੀਚਾ ਲੋਕਤੰਤਰ ਭਾਰਤ ਵਿਚ ਸ਼ਕਤੀਸ਼ਾਲੀ ਅਤੇ ਆਜ਼ਾਦ ਨਾਗਰਿਕ ਬਣਾਉਣਾ ਹੈ, ਜਿਹਨਾਂ ਵਿਚ ਵਧਣ-ਫੁੱਲਣ ਦੀ ਬਰਾਬਰ ਸੰਭਾਵਨਾ ਹੋਵੇ। ਇਸ ਕੰਮ ਲਈ ਅਹਿਮ ਜ਼ਿੰਮੇਵਾਰੀ ਯੂਨੀਵਰਸਿਟੀਆਂ ਦੀ ਹੁੰਦੀ ਹੈ।

ਪੰਜਾਬੀ ਯੂਨੀਵਰਸਿਟੀ ਨੇ ਦੇਸ਼ ਅਤੇ ਸਮਾਜ ਨੂੰ ਪ੍ਰਮੁੱਖ ਸਖਸ਼ੀਅਤਾਂ ਦਿੱਤੀਆਂ ਹਨ। ਜਿਨ੍ਹਾਂ ਨੇ ਰਾਜਨੀਤੀ, ਖੇਡ ਜਗਤ, ਫਿਲਮ ਖੇਤਰ, ਸੰਗੀਤ ਖੇਤਰ ਅਤੇ ਮੈਡੀਕਲ ਖੇਤਰ ਵਿੱਚ ਉੱਚ ਦਰਜੇ ਤੇ ਜਾ ਕੇ ਸਮਾਜ ਦਾ ਭਲਾ ਕੀਤਾ। ਪੰਜਾਬੀ ਕਵੀ ਵਜੋਂ ਉਭਰੇ ਮਹਿਰੂਮ ਕਵੀ ਸੁਰਜੀਤ ਪਾਤਰ ਵੀ ਪੰਜਾਬੀ ਯੂਨੀਵਰਸਿਟੀ ਦੀ ਉਪਜ ਹਨ। ਪ੍ਰਸਿੱਧ ਅਦਾਕਾਰ ਬਿੰਨੂ ਢਿੱਲੋਂ ਤੋਂ ਲੈ ਕੇ ਫ਼ਿਲਮ ਲੇਖਕ ਅਦਾਕਾਰ ਅੰਬਰਦੀਪ ਅਤੇ ਨਰੇਸ਼ ਕਥੂਰੀਆ ਤੱਕ ਇਸੇ ਯੂਨੀਵਰਸਿਟੀ ਵਿੱਚ ਕਿਸੇ ਸਮੇ ਵਿਦਿਆਰਥੀ ਰਹੇ ਹਨ। ਰਾਜਨੀਤੀ ਦੇ ਖੇਤਰ ਵਿੱਚ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਅਦਾਕਾਰਾ ਰਾਜ ਬੱਬਰ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹਨ। ਪੰਜਾਬੀ ਯੂਨੀਵਰਸਟੀ ਨੇ ਬਹੁਤ ਹੀ ਉੱਚ ਕੋਟੀ ਦੇ ਪੱਤਰਕਾਰ ਦਿੱਤੇ ਹਨ। ਜਿਨ੍ਹਾਂ ਵਿੱਚੋ ਸੁਰਿੰਦਰ ਸਿੰਘ 'ਟਾਕਿੰਗ ਪੰਜਾਬ' ਦਾ ਨਾਮ ਲਿਆ ਜਾ ਸਕਦਾ ਹੈ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਬਹੁਤ ਸਾਰੇ ਵਿਦਵਾਨ ਅਤੇ ਸਾਹਿਤਕਾਰ ਦਿੱਤੇ ਹਨ। ਜਿਨ੍ਹਾਂ ਵਿੱਚੋਂ ਦਲੀਪ ਕੌਰ ਟਿਵਾਣਾ ਜੋ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਮੁਖੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਤੋਂ ਇਲਾਵਾ ਡਾ. ਬਲਵਿੰਦਰ ਕੌਰ ਬਰਾੜ ਪੰਜਾਬੀ ਵਿਭਾਗ ਦੇ ਮੁਖੀ ਰਹਿ ਚੁੱਕੇ ਹਨ। ਗਾਇਕੀ ਦੇ ਖੇਤਰ ਵਿਚ ਪੰਜਾਬੀ ਯੂਨੀਵਰਸਿਟੀ ਨੇ ਬਹੁਤ ਸਾਰੇ ਨਾਮੀ ਕਲਾਕਾਰ ਦਿੱਤੇ ਹਨ, ਜਿਨ੍ਹਾਂ ਵਿਚੋਂ ਲੋਕ ਗਾਇਕ ਪੰਮੀ ਬਾਈ ਤੋਂ ਲੈ ਕੇ ਗੁਰਦਾਸ ਮਾਨ ਤੱਕ ਦਾ ਨਾਮ ਸਾਹਮਣੇ ਆਉਦਾ ਹੈ।

ਪੰਜਾਬੀ ਯੂਨੀਵਰਸਿਟੀ ਅਗਵਾਈ ਸ਼ੁਰੂ ਤੋਂ ਹੀ ਉੱਚ ਕੋਟੀ ਦੇ ਦਾਨਿਸ਼ਵਰਾਂ ਨੇ ਕੀਤੀ ਹੈ। ਯੂਨੀਵਰਸਿਟੀ ਦੇ ਪਹਿਲੇ ਉਪ-ਕੁਲਪਤੀ ਪ੍ਰਿੰਸੀਪਲ ਜੋਧ ਸਿੰਘ ਸਨ। ਉਹਨਾਂ ਨੇ ਆਪਣੀਆਂ ਸੇਵਾਵਾਂ 1962 ਤੋਂ 1966 ਤੱਕ ਨਿਭਾਈਆਂ। ਸਰਦਾਰ ਜੋਧ ਸਿੰਘ ਵੀਹਵੀਂ ਸਦੀ ਦੇ ਪ੍ਰਮੁੱਖ ਸਿੱਖ ਵਿਦਵਾਨ, ਧਰਮ-ਸ਼ਾਸਤਰੀ, ਦਾਰਸ਼ਨਿਕ, ਪ੍ਰਬੰਧਕ ਤੇ ਵਿਆਖਿਆਕਾਰ ਵਜੋਂ ਉਭਰ ਕੇ ਸਾਹਮਣੇ ਆਏ। ਉਹਨਾਂ ਦਾ ਜਨਮ ਉਸ ਸਮੇਂ ਹੋਇਆ ਜਦੋਂ ਸਿੰਘ ਸਭਾ ਲਹਿਰ ਚੱਲ ਰਹੀ ਸੀ। ਉਹਨਾਂ ਨੇ ਨਾ ਕੇਵਲ ਇਸ ਲਹਿਰ ਦਾ ਅਸਰ ਕਬੂਲਿਆ ਸਗੋਂ ਲੋੜ ਪੈਣ ’ਤੇ ਯੋਗ ਅਗਵਾਈ ਵੀ ਦਿੱਤੀ।

ਭਾਈ ਸਾਹਿਬ ਦੀ ਵਿੱਦਿਅਕ ਯੋਗਤਾ ਦੀ ਸਫਲ ਸਥਾਪਨਾ ਦੇਖ ਦੇ ਹੋਏ ਭਾਈ ਸਾਹਿਬ ਨੂੰ ਅੱਸੀ ਸਾਲ ਦੀ ਉਮਰ ਵਿੱਚ (1962- 66) ਤੱਕ ਨੂੰ ਪੰਜਾਬੀ ਯੂਨੀਵਰਸਿਟੀ ਦਾ ਵਾਈਸ-ਚਾਂਸਲਰ ਥਾਪਿਆ ਗਿਆ। ਭਾਈ ਸਾਹਿਬ ਨੂੰ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਹੋਣ ਦਾ ਮਾਣ ਪ੍ਰਾਪਤ ਹੈ। ਤਿੰਨ ਤੋਂ ਚਾਰ ਸਾਲ ਭਾਈ ਸਾਹਿਬ ਨੇ ਇਹ ਸੇਵਾ ਤਨ-ਮਨ ਨਾਲ ਨਿਭਾਈ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦੂਜੇ ਵਾਈਸ ਚਾਂਸਲਰ ਦਾ ਨਾਮ ਕਿਰਪਾਲ ਸਿੰਘ ਨਾਰੰਗ ਵਜੋਂ ਸਾਹਮਣੇ ਆਉਦਾ ਹੈ। ਇਹਨਾਂ ਦਾ ਕਾਰਜਕਾਲ 1966 ਤੋਂ 1975 ਤੱਕ ਰਿਹਾ, ਉਹ ਇਕ ਇਤਿਹਾਸਕਾਰ ਸਨ।

ਪੰਜਾਬੀ ਯੂਨੀਵਰਸਿਟੀ ਦਾ ਮੁੱਖ ਮੰਤਵ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਬਹੁ-ਪੱਖੀ ਵਿਕਾਸ ਕਰਨਾ ਅਤੇ ਪੰਜਾਬੀ ਭਾਸ਼ਾ ਨੂੰ ਉਚੇਰੀ ਸਿੱਖਿਆ ਵਿੱਚ ਮਾਧਿਅਮ ਵਜੋਂ ਵਿਕਸਤ ਕਰਨਾ, ਵੱਖ-ਵੱਖ ਵਿਸ਼ਿਆਂ ਦੇ ਇਮਤਿਹਾਨ ਪੰਜਾਬੀ ਭਾਸ਼ਾ ਵਿੱਚ ਲੈਣਾ ਖਾਸ ਕਰਕੇ ਇਸ ਵਿੱਚ ਉੱਚ ਸਿੱਖਿਆ ਤੇ ਖੋਜ ਦੀ ਤਰੱਕੀ ਕਰਨਾ ਸ਼ਾਮਲ ਹੈ।

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਹਵਾਲੇ ਨਾਲ ਸਾਡੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਸਾਰ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਦੁਨੀਆ ਦੇ ਵੱਡੇ ਵਿਦਵਾਨ ਅਤੇ ਸਾਹਿਤਕਾਰਾ ਨੂੰ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰਕੇ ਗਿਆਨ ਦੇ ਵੱਡੇ ਦਰਿਆ ਪਾਰ ਕਰਕੇ ਪੰਜਾਬੀ ਪਾਠਕਾਂ ਤੱਕ ਪਹੁੰਚਾਇਆ ਹੈ। ਮਾਨਵੀ ਵਿਕਾਸ ਅਤੇ ਕੌਮੀ ਨਿਰਮਾਣ ਵਿੱਚ ਲਾਇਬ੍ਰੇਰੀਆਂ ਇਕ ਮੀਲ ਪੱਥਰ ਸਾਬਤ ਹੁੰਦੀਆਂ ਹਨ। ਪੰਜਾਬੀ ਯੂਨੀਵਰਸਿਟੀ ਨੂੰ ਇਸ ਗੱਲ ਤੇ ਵਧੇਰੇ ਮਾਣ ਹੈ ਕਿ ਇਸ ਗਿਆਨ ਦਾ ਅਥਾਹ ਅਤੇ ਵਿਸ਼ਾਲ ਸਾਗਰ ਆਪਣੀਆਂ ਲਾਇਬ੍ਰੇਰੀਆਂ ਰਾਹੀ ਸਾਂਭਿਆ ਹੋਇਆ ਹੈ। ਪੰਜਾਬੀ ਯੂਨੀਵਰਸਟੀ ਵਿਚ ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ ਦੇ ਨਾਮ ਬਣੀ ਲਾਇਬ੍ਰੇਰੀ ਹੈ। ਜਿਸ ਵਿਚ ਵਿਸ਼ਾਲ ਆਧੁਨਿਕ ਅਤੇ ਤਕਨੀਕੀ , ਵਾਈ-ਫਾਈ ਸਮਰਥਿਤ ਬਿਲਡਿੰਗ ਸਟਾਕ ਵਿੱਚ 5,20,000 ਤੋਂ ਵੱਧ ਕਿਤਾਬਾਂ ਦਾ ਭੰਡਾਰ ਹੈ । ਨਵੀਨਤਮ ਕਿਤਾਬਾਂ ਹਰ ਸਾਲ ਨਿਯਮਿਤ ਤੌਰ 'ਤੇ ਸ਼ਾਮਲ ਕੀਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਨੂੰ ਸਾਲ ਦੇ 365 ਦਿਨ ਹਰ ਰੋਜ਼ ਸਵੇਰੇ 8.15 ਵਜੇ ਤੋਂ ਰਾਤ 8.15 ਵਜੇ ਤੱਕ ਖੁੱਲ੍ਹਾ ਰੱਖਿਆ ਜਾਂਦਾ ਹੈ। ਲਾਇਬ੍ਰੇਰੀ ਵਿੱਚ ਇੱਕ ਸ਼ਾਨਦਾਰ ਰੀਡਿੰਗ ਹਾਲ ਹੈ, ਜਿਸ ਵਿੱਚ 500 ਤੋਂ ਵੱਧ ਪਾਠਕਾਂ ਦੇ ਬੈਠਣ ਦੀ ਸਮਰੱਥਾ ਹੈ ਜਿੱਥੇ ਉਹ ਬੈਠ ਕੇ ਹਵਾਲਾ ਪੁਸਤਕਾਂ ਅਤੇ ਹੋਰ ਸੰਬੰਧਿਤ ਸਾਹਿਤ ਦੀ ਸਲਾਹ ਲੈ ਸਕਦੇ ਹਨ। ਪਾਠਕਾਂ ਲਈ 365x24x7 ਏਸੀ, ਬਾਥਰੂਮ ਅਤੇ ਵਾਈ-ਫਾਈ ਦੀਆਂ ਸਹੂਲਤਾਂ ਵਾਲਾ ਇੱਕ ਵੱਖਰਾ ਨਾਈਟ ਰੀਡਿੰਗ ਹਾਲ ਉਪਲਬਧ ਹੈ। ਲਾਇਬ੍ਰੇਰੀ INFLIBNET ਪ੍ਰੋਗਰਾਮ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੀ ਹੈ। ਇਹ ਸਾਰੇ ਅਧਿਆਪਨ ਅਤੇ ਖੋਜ ਵਿਭਾਗਾਂ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ।

ਡਾ. ਗੰਡਾ ਸਿੰਘ ਪੰਜਾਬੀ ਰੈਫਰੈਂਸ ਲਾਇਬ੍ਰੇਰੀ:

ਡਾ ਗੰਡਾ ਸਿੰਘ ਦੇ ਨਾਮ ਤੇ ਬਣੀ ਪੰਜਾਬੀ ਰੈਫਰੈਂਸ ਲਾਇਬ੍ਰੇਰੀ ਨਾਂ ਦਾ ਇੱਕ ਨਵਾਂ ਵਿਸ਼ੇਸ਼ ਵਿੰਗ ਜੋੜਿਆ ਗਿਆ ਹੈ। ਇਸ ਲਾਇਬ੍ਰੇਰੀ ਦਾ ਉਦੇਸ਼ ਪੰਜਾਬ ਦੇ ਇਤਿਹਾਸ, ਸੱਭਿਆਚਾਰ, ਸਿੱਖ ਧਰਮ, ਪੰਜਾਬੀ ਭਾਸ਼ਾ ਅਤੇ ਸਾਹਿਤ ਬਾਰੇ ਇੱਕ ਮਜ਼ਬੂਤ ​​ਸੰਗ੍ਰਹਿ ਤਿਆਰ ਕਰਨਾ ਹੈ। ਇਸ ਲਾਇਬ੍ਰੇਰੀ ਦੇ ਅਮੀਰ ਸੰਗ੍ਰਹਿ ਵਿੱਚ 1.5 ਲੱਖ ਤੋਂ ਵੱਧ ਦਸਤਾਵੇਜ਼ ਸ਼ਾਮਲ ਹਨ। ਇਸ ਲਾਇਬ੍ਰੇਰੀ ਵਿੱਚ ਦੁਨੀਆ ਭਰ ਵਿੱਚ ਕਿਤੇ ਵੀ ਪ੍ਰਕਾਸ਼ਿਤ ਹੋਣ ਵਾਲੇ ਲਗਭਗ 125 ਮਹੱਤਵਪੂਰਨ ਰੋਜ਼ਾਨਾ, ਹਫਤਾਵਾਰੀ, ਅਖਬਾਰ ਅਤੇ ਮੈਗਜ਼ੀਨ ਨਿਯਮਿਤ ਰੂਪ ਵਿੱਚ ਪ੍ਰਾਪਤ ਹੁੰਦੇ ਹਨ। ਉੱਘੇ ਇਤਿਹਾਸਕਾਰਾਂ ਅਤੇ ਸਾਹਿਤਕਾਰਾਂ ਤੋਂ ਤਕਰੀਬਨ 70,000 ਦਸਤਾਵੇਜ਼ ਇਕੱਠੇ ਕੀਤੇ ਗਏ ਹਨ। ਇਨ੍ਹਾਂ ਵਿੱਚ 19ਵੀਂ ਅਤੇ 20ਵੀਂ ਸਦੀ ਨਾਲ ਸਬੰਧਤ ਅਖ਼ਬਾਰ, ਰਸਾਲੇ, ਕਿਤਾਬਾਂ, ਡਾਇਰੀਆਂ ਅਤੇ ਹੱਥ-ਲਿਖਤਾਂ ਸ਼ਾਮਲ ਹਨ। ਇਨ੍ਹਾਂ ਦਸਤਾਵੇਜ਼ਾਂ ਵਿੱਚ ਜਾਣਕਾਰੀ ਦੀਆਂ ਖਾਣਾਂ ਹਨ, ਜੋ ਵਿਦਵਾਨਾਂ ਲਈ ਬਹੁਤ ਮਹੱਤਵ ਰੱਖਦੀਆਂ ਹਨ।

ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 62 ਹੱਥ ਲਿਖਤ ਪਵਿੱਤਰ ਸਰੂਪ ਮੋਜੂਦ ਹਨ, ਜੋ ਕਿ ਬਹੁਤ ਦੁਰਲੱਭ ਅਤੇ ਕੀਮਤੀ ਖ਼ਜ਼ਾਨਾ ਹਨ।

ਪੰਜਾਬੀ ਯੂਨੀਵਰਸਿਟੀ 316 ਏਕੜ ਦੇ ਹਰੇ-ਭਰੇ ਪ੍ਰਦੂਸ਼ਣ ਮੁਕਤ ਕੈਂਪਸ ਵਿੱਚ 1965 ਤੋਂ ਵਿਦਿਆ ਦਾ ਚਾਨਣ ਵੰਡ ਰਹੀ ਹੈ। ਪੰਜਾਬੀ ਯੂਨੀਵਰਸਟੀ ਇਸ ਸਮੇਂ 70 ਤੋਂ ਵੱਧ ਅਧਿਆਪਨ ਅਤੇ ਖੋਜ ਵਿਭਾਗ ਹਨ। ਇਸ ਤੋ ਇਲਾਵਾ 9 ਵਿਸ਼ੇਸ਼ ਚੇਅਰਾਂ, 8 ਨੇਬਰਹੁੱਡ ਕੈਂਪਸ, 6 ਰਿਜਨਲ ਸੈਂਟਰ ਅਤੇ 13 ਕਾਂਸਟੀਚੂਮੈੰਟ ਕਾਲਜ ਹਨ। ਯੂਨੀਵਰਸਿਟੀ ਇਹਨਾਂ ਸਾਰੇ ਵਿਭਾਗਾਂ ਅਤੇ ਸੈਂਟਰ ਫਾਰ ਡਿਸਟੈਂਸ ਅਤੇ ਆਨਲਾਈਨ ਐਜੂਕੇਸ਼ਨ ਵਿਭਾਗ ਵੱਲੋ ਪੰਜਾਬ ਅਤੇ ਦੇਸ਼ ਵਿਦੇਸ਼ ਲੱਗਪਗ 5 ਲੱਖ ਤੋਂ ਵੱਧ ਵਿਦਿਆਰਥੀਆਂ ਦੀਆਂ ਵਿਦਿਅਕ ਜਰੂਰਤਾਂ ਨੂੰ ਪੂਰਾ ਕਰਨ ਦਾ ਦਮ ਰੱਖਦੀ ਹੈ।

ਕੰਪਿਊਟਰ ਅਤੇ ਤਕਨੀਕੀ ਸ੍ਰੋਤ ਪ੍ਰਦਾਨ ਵਿਚ ਪੰਜਾਬੀ ਯੂਨੀਵਰਸਿਟੀ ਨੇ ਬਹੁਤ ਸਾਰੀਆਂ ਮੱਲਾਂ ਮਾਰੀਆਂ ਹਨ। ਇਸ ਮਾਮਲੇ ਵਿੱਚ ਬਹੁਤ ਸਾਰੇ ਕਾਰਜਾਂ ਦੇ ਨਾਮ ਲਏ ਜਾਂ ਸਕਦੇ ਹਨ। ਜੋ ਸਮਾਜ ਲਈ ਬਹੁਤ ਲਾਹੇਵੰਦ ਹੋ ਨਿੱਬੜੇ ਹਨ। ਉਦਾਹਰਣ ਦੇ ਤੌਰ ਅੰਗਰੇਜ਼ੀ ਭਾਸ਼ਾ ਤੋਂ ਭਾਰਤੀ ਭਾਸ਼ਾ ਵਿਚ ਅਨੁਵਾਦ ਕਰਨ ਵਾਲੇ ਆਟੋਮੈਟਿਕ ਮਸ਼ੀਨ ਟਰਾਂਲੇਸ਼ਨ ਸਿਸਟਮ, ਪੰਜਾਬੀ ਪੀਡੀਆ ਅਤੇ ਪੰਜਾਬੀ ਅਤੇ ਹਿੰਦੀ ਦੇ ਵਿਸ਼ੇਸ਼ ਪ੍ਰਸੰਗ ਵਿਚ ਭਾਰਤੀ ਭਾਸ਼ਾਵਾਂ ਦੇ ਦਸਤਾਵੇਜ਼ਾਂ ਦੇ ਲਈ ਸਾਹਿਤਕ ਪਤਾ ਲਗਾਉਣ ਵਾਲੇ ਉਪਕਰਨ ਇਸ ਤੋਂ ਇਲਾਵਾਂ ਯੂਨੀਵਰਸਿਟੀ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਹਨ। ਜਿਨ੍ਹਾਂ ਦੀ ਸੂਚੀ ਬਹੁਤ ਲੰਮੀ ਹੈ।

2023 ਦੇ ਮੁਕਾਬਲੇ 2024 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਅੰਡਰਗਰੈਜੂਏਟ ਕੋਰਸਾਂ ਵਿੱਚ 40 ਫੀਸਦੀ ਵਾਧਾ ਹੋਇਆ ਹੈ। ਡੀਨ ਅਕਾਦਮਿਕ ਮਾਮਲੇ ਅਤੇ ਕਾਰਜਕਾਰੀ ਰਜਿਸਟਰਾਰ ਡਾ. ਅਸ਼ੋਕ ਕੁਮਾਰ ਤਿਵਾੜੀ ਵੱਲੋਂ ਕੈਂਪਸ ਵਿੱਚ ਵੱਖ-ਵੱਖ ਥਾਵਾਂ ਉੱਤੇ ਚਲਦੀ ਕਾਊਂਸਲਿੰਗ ਦਾ ਮੁਆਇਨਾ ਕਰਨ ਉਪਰੰਤ ਇਹ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਹੈ ਕਿ ਪੰਜਾਬੀ ਯੂਨੀਵਰਸਿਟੀ ਨੂੰ ਪਿਛਲੇ ਸਾਲ ਦੇ ਮੁਕਾਬਲੇ ਪ੍ਰਾਪਤ ਹੋਈਆਂ ਦਾਖ਼ਲਾ ਅਰਜ਼ੀਆਂ ਦੀ ਗਿਣਤੀ ਵਿੱਚ ਲਗਭਗ 40 ਫ਼ੀਸਦੀ ਵਾਧਾ ਵੇਖਣ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਵਿਭਾਗਾਂ ਵਿੱਚ ਬਿਨੈਕਾਰਾਂ ਦੀ ਗਿਣਤੀ ਲਗਭਗ ਦੁੱਗਣੀ ਹੋ ਗਈ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਦੇ ਰੀਜਨਲ ਸੈਂਟਰ, ਮੋਹਾਲੀ ਵਿਖੇ ਕੰਪਿਊਟਰ ਸਾਇੰਸ ਵਿੱਚ ਬੀ.ਟੈਕ (ਸੀ.ਐੱਸ.ਈ) ਵਿੱਚ 50 ਅਤੇ ਪੰਜ ਸਾਲਾ ਯੂ.ਜੀ.-ਪੀ.ਜੀ. ਪ੍ਰੋਗਰਾਮ (ਆਨਰਜ਼ ਵਿਦ ਰਿਸਰਚ) ਲਈ ਵੀ ਕਾਫ਼ੀ ਦਾਖ਼ਲਾ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜ ਸਾਲਾ ਏਕੀਕ੍ਰਿਤ ਕੋਰਸਾਂ ਨਾਲ਼ ਸੰਬੰਧਤ ਪ੍ਰਣਾਲੀ ਵਿੱਚ ਕੀਤੇ ਗਏ ਕੁੱਝ ਬਦਲਾਅ, ਜਿਵੇਂ ਕਿ ਦਾਖ਼ਲੇ ਦੇ ਸਮੇਂ ਮੇਜਰ ਵਿਸ਼ਿਆਂ ਦੀ ਵੰਡ ਵਰਗੇ ਮਹੱਤਵਪੂਰਨ ਕਦਮਾਂ ਨੇ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਦੇ ਮਨ ਵਿੱਚ ਇਨ੍ਹਾਂ ਕੋਰਸਾਂ ਸੰਬੰਧੀ ਅਨਿਸ਼ਚਿਤਤਾ ਨੂੰ ਦੂਰ ਕੀਤਾ ਹੈ ਅਤੇ ਸੰਤੁਸ਼ਟੀ ਦੀ ਭਾਵਨਾ ਪੈਦਾ ਕੀਤੀ ਹੈ।

ਪੰਜਾਬੀ ਯੂਨੀਵਰਸਿਟੀ ਨੂੰ ਮੁਲਾਂਕਣ ਅਤੇ ਮਾਨਤਾ ਪ੍ਰਾਪਤ ਕਰਨ ਵਾਲੀ ਰਾਸ਼ਟਰੀ ਸੰਸਥਾ ਨੈਕ ਵੱਲੋ ਏ ਗਰੇਡ ਪ੍ਰਮਾਣਿਤ ਇਸ ਯੂਨੀਵਰਸਿਟੀ ਨੂੰ ਪੰਜਾਬ ਸੂਬੇ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੋਣ ਮਾਣ ਪ੍ਰਾਪਤ ਹੈ। ਖੇਡਾਂ ਦੇ ਖੇਤਰ ਵਿੱਚ ਪੰਜਾਬ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਹੁਤ ਹੀ ਮਾਣ ਵਾਲੀਆਂ ਹਨ, ਬਹੁਤ ਵਾਰ ਮਾਕਾ ਟਰਾਫੀ ਹਾਸਲ ਕਰਨ ਵਾਲੀ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕੌਮੀ ਅਤੇ ਕੌਮਾਂਤਰੀ ਪੱਧਰ ਮੱਲਾਂ ਮਾਰੀਆਂ ਗਈਆਂ ਹਨ।

ਪੰਜਾਬੀ ਯੂਨੀਵਰਸਿਟੀ ਇਕ ਲੰਬਾ ਸਫਰ ਤੈਅ ਕਰ ਚੁੱਕੀ ਹੈ ਇਹ ਪੈਂਡਾ ਸਤਲੁਜ ਦਰਿਆ ਵਾਂਗ ਨਿਰੰਤਰ ਜਾਰੀ ਹੈ। ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਯੂਨੀਵਰਸਿਟੀ ਹਮੇਸ਼ਾਂ ਚਾਨਣ ਮੁਨਾਰਾ ਬਣੀ ਰਹੇਗੀ ਇਹ ਦਰਪੇਸ਼ ਚੁਣੌਤੀਆਂ ਦੇ ਬਾਵਜੂਦ ਲਗਾਤਾਰ ਅੱਗੇ ਵਧਦੀ ਗਈ ਹੈ ਅਤੇ ਵੱਧ ਰਹੇਗੀ।

ਪੰਜਾਬੀ ਯੂਨੀਵਰਸਿਟੀ ਦੇ ਮੌਜੂਦਾ ਕੁਲਪਤੀ ਕਮਲ ਕਿਸ਼ੋਰ ਯਾਦਵ ਹਨ, ਜਿਨ੍ਹਾਂ ਦੀ ਮਿਹਨਤ ਸਦਕਾ ਯੂਨੀਵਰਸਿਟੀ ਤਰੱਕੀ ਦੇ ਰਾਹ ਉੱਤੇ ਹੈ।
Lovepreet Singh

1 year ago (edited) | [YT] | 4