ਅਕਾਲ ਐ ਫ਼ੌਜ

ਇਤਿਹਾਸ ਅਨੰਦਪੁਰ ਸਾਹਿਬ ਆਉਂਣ ਤੋਂ ਬਾਅਦ ਅਨੰਦਪੁਰ ਸਾਹਿਬ ਛੱਡਣ ਤੱਕ ਦਾ - ਕਥਾ - ਦੁਲਚੇ ਮਸੰਦ ਦਾ ਸੁਧਾਰ

ਵਿਸਾਖੀ ਪਿਛੋਂ ਸੰਮਤ ੧੭੩੨ ਦੀ ਦੀਵਾਲੀ ਆਈ । ਦੀਵਾਲੀ ਦੇ ਪੁਰਬ ਉਤੇ ਵੀ ਬੇਅੰਤ ਸੰਗਤ ਇਕੱਤ੍ਰ ਹੋਈ । ਦੀਵਾਨ ਲਗੇ ਤੇ ਬਾਲ ਸਤਿਗੁਰੂ ਜੀ ਨੇ ਉਪਦੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ । ਅਨੇਕਾਂ ਕੌਤਕ ਵੀ ਕੀਤੇ ਜਿਨ੍ਹਾਂ ਵਿਚੋਂ ਇਕ ਕੌਤਕ ਹੇਠਾਂ ਲਿਖਿਆ ਜਾਂਦਾ ਹੈ।

ਸਤਿਗੁਰੂ ਤੇਗ ਬਹਾਦਰ ਜੀ ਦੇ ਵੇਲੇ ਦੁਲਚਾ ਨਾਮੀ ਇਕ ਮਸੰਦ ਸੀ ਇਹ ਲਾਲਚੀ ਤੇ ਕੁਝ ਬੇਈਮਾਨ ਸੀ ਪਰ ਉਪਰੋਂ ਬਹੁਤ ਭੋਲਾ ਭਾਲਾ ਬਣਿਆ ਰਹਿੰਦਾ ਸੀ । ਸਿੱਖ ਸੰਗਤ ਜੋ ਕਾਰ ਭੇਟ ਸਤਿਗੁਰੂ ਜੀ ਵਾਸਤੇ ਇਸ ਨੂੰ ਦੇਂਦੀ ਉਸ ਵਿਚੋਂ ਇਹ ਚੋਖਾ ਹਿੱਸਾ ਆਪ ਰੱਖ ਲੈਂਦਾ ਬਹੁਤਾ ਇਹ ਕੀਮਤੀ ਵਸਤੂਆਂ ਨੂੰ ਪੈਂਦਾ । ਇਸ ਦੀ ਮਾੜੀ ਦਸ਼ਾ ਉਤੇ ਸਤਿਗੁਰੂ ਜੀ ਨੂੰ ਤਰਸ ਆਇਆ ਸੱਚੇ ਪਾਤਸ਼ਾਹ ਨੇ ਦੁਲਚੇ ਦਾ ਸੁਧਾਰ ਕਰਨ ਦੀ ਇੱਛਾ ਕਰ ਲਈ।

ਅੰਤਰਜਾਮੀ ਸਤਿਗੁਰੂ ਜੀ ਨੂੰ ਤਾਂ ਤ੍ਰੈਕਾਲ ਦਾ ਗਿਆਨ ਸੀ ਭਲਾ ਉਹਨਾਂ ਕੋਲੋਂ ਚੋਰੀ ਕੋਈ ਵਸਤੂ ਕੌਣ ਰਖ ਸਕੇ । ਦੀਵਾਨ ਲੱਗਾ ਹੋਇਆ ਸੀ । ਸਾਹਿਬ ਸਿੰਘਾਸਣ ਪਰ ਬਿਰਾਜਮਨ ਸਨ, ਸੰਗਤ ਬੈਠੀ ਹੋਈ ਕੀਰਤਨ ਸਰਵਣ ਕਰ ਰਹੀ ਸੀ । ਦੁਲਚਾ ਮਸੰਦ ਆਇਆ । ਉਹ ਬੜਾ ਉੱਚੇ ਲੰਮੇ ਕੱਦ ਦਾ ਭਾਰੀ ਗੋਗੜ ਵਾਲਾ ਬੰਦਾ ਸੀ । ਉਹ ਸਤਿਗੁਰੂ ਜੀ ਦੇ ਚਰਨਾਂ ਉਪਰ ਮੱਥਾ ਟੇਕ ਕੇ ਸਿੰਘਾਸਣ ਦੇ ਨੇੜੇ ਹੀ ਬੈਠ ਗਿਆ । ਸਾਹਿਬਾਂ ਉਸ ਵੱਲ ਤੱਕਿਆ। ਦੋ ਵਾਰ ਤੱਕ ਕੇ ਸਾਹਿਬ ਮੁਸਕਰਾ ਪਏ । ਉਹ ਮੁਸਕ੍ਰਾਹਟ ਨਿਰਾਲੀ ਸੀ। ਉਸ ਮੁਸਕ੍ਰਾਹਟ ਵਿਚ ਦਇਆ ਤੇ ਕ੍ਰੋਧ ਮਿਲੇ ਹੋਏ ਸਨ । ਸਿੱਖਾਂ ਨੂੰ ਕੀ ਪਤਾ ਕਿ ਸਾਹਿਬ ਕਿਉਂ ਮੁਸਕਰਾ ਰਹੇ ਹਨ ? ਉਹ ਤਾਂ ਅੱਜ ਦੁਲਚੇ ਦਾ ਸੁਧਾਰ ਕਰਨਾ ਚਾਹੁੰਦੇ ਸਨ । ਉਹਨਾਂ ਨੇ ਦੁਲਚੇ ਕੋਲੋਂ ਪੁਛਿਆ-‘ਸੁਣਾ ਭਾਈ ਦੁਲਚਾ ! ਗੁਰੂ ਘਰ ਵਾਸਤੇ ਸੰਗਤਾਂ ਵਲੋਂ ਦਿਤੀ ਹੋਈ ਕੋਈ ਚੀਜ਼ ਤੇਰੇ ਕੋਲ ਤਾਂ ਨਹੀਂ ?" 'ਸਤਿਨਾਮ ! ਸੱਚੇ ਪਾਤਸ਼ਾਹੋ! ਕੀ ਗੱਲ ਕਰਦੇ ਹੋ ? ਮੈਂ ਗੁਰੂ ਘਰ ਦੀ ਕੋਈ ਵਸਤੂ ਕਿਵੇਂ ਕੋਲ ਰੱਖ ਸਕਦਾ ਹਾਂ । ਸੰਗਤ ਦੀ ਭੇਟਾ ਕੀਤੀ ਹੋਈ ਹਰ ਇਕ ਵਸਤੂ ਅਸਾਂ ਕੋਲ ਅਮਾਨਤ ਹੁੰਦੀ ਹੈ, ਅਮਾਨਤ ਨੂੰ ਖਾ ਜਾਣਾ ਪਾਪ ਹੈ । ਮੈਂ ਤਾਂ ਕਦੀ ਪਾਪ ਕਰਨ ਨੂੰ ਤਿਆਰ ਨਹੀਂ। ਦੁਲਚੇ ਨੇ ਉੱਤਰ ਦਿਤਾ ।
ਭਾਈ ਗੱਲ ਤਾਂ ਤੇਰੀ ਠੀਕ ਹੈ ਫਿਰ ਵੀ ਮਨੁੱਖ ਭੁਲਣਹਾਰ ਜੀਉੜਾ ਹੈ ਇਹ ਬਹੁਤ ਛੇਤੀ ਭੁੱਲ ਜਾਂਦਾ ਹੈ, ਬਹੁਤ ਕੰਮਾਂ ਵਿਚ ਭੁੱਲ ਹੋ ਸਕਦੀ ਹੈ ਚੇਤਾ ਕਰ ਲਵੋ।'

'ਸੱਚੇ ਪਾਤਸ਼ਾਹੋ ! ਇਉਂ ਪ੍ਰਤੀਤ ਹੁੰਦਾ ਹੈ ਕਿ ਕਿਸੇ ਦੁਸ਼ਟ ਨੇ ਤੁਸਾਂ ਕੋਲ ਮੇਰੀ ਚੁਗਲੀ ਕੀਤੀ ਹੈ ਪਰ ਮੈਂ ਮਾੜਾ ਬੰਦਾ ਨਹੀਂ ਮੈਂ ਤਾਂ ਹਰ ਵਸਤੂ, ਜੋ ਗੁਰੂ ਘਰ ਵਾਸਤੇ ਵਸੂਲ ਕਰਦਾ ਹਾਂ ਉਹ ਜਿਉਂ ਦੀ ਤਿਉਂ ਤੁਸਾਂ ਦੇ ਹਜ਼ੂਰ ਆ ਪੇਸ਼ ਕਰਦਾ ਹਾਂ । ਨਿੰਦਕ ਤੇ ਚੁਗਲ ਬੁਰੀ ਬਲਾ ਹੁੰਦੇ ਨੇ ਉਹ ਖਾਹਮਖਾਹ ਕੋਈ ਝਗੜਾ ਉਤਪੰਨ ਕਰ ਦੇਂਦੇ ਹਨ । ਸੰਗਤ ਦੇ ਵਿਚ ਤੁਸਾਂ ਕੋਲੋਂ ਮੇਰੇ ਵਰਗੇ ਈਮਾਨਦਾਰ ਬੰਦੇ ਦਾ ਨਿਰਾਦਰ ਨਹੀਂ ਹੋਣਾ ਚਾਹੀਦਾ।’
ਦੁਲਚੇ ਦਾ ਇਹ ਬਿਆਨ ਸੁਣ ਕੇ ਦੋਹਾਂ ਜਹਾਨਾਂ ਦਾ ਮਾਲਕ ਹੱਸ ਪਿਆ। ਹੱਸਿਆ ਵੀ ਐਨਾ ਜ਼ੋਰ ਤੇ ਭਾਰੀ ਅਵਾਜ਼ ਵਿਚ ਜਿਸ ਨੂੰ ਸੁਣ ਕੇ ਸਿੱਖ ਸੰਗਤ ਹੈਰਾਨ ਹੋ ਗਈ। ਹੱਸਣ ਪਿਛੋਂ ਗੰਭੀਰ ਹੋ ਕੇ ਸਾਹਿਬਾਂ ਨੇ ਬਚਨ ਕੀਤਾ, ‘ਦੁਲਚੇ ! ਤੇਰੀ ਈਮਾਨਦਾਰੀ ਬਹੁਤ ਚੰਗੀ ਹੈ, ਤੂੰ ਤਾਂ ਐਵੇਂ ਹੀ ਤੱਤਾ ਹੋ ਗਿਆ । ਅਸਾਂ ਤਾਂ ਸਰਸਰੀ ਗੱਲ ਕੀਤੀ ਹੈ । ਕਿਤੇ ਤੈਥੋਂ ਕੋਈ ਗਲਤੀ ਤਾਂ ਨਹੀਂ ਹੋਈ ਪਰ ਤੂੰ ਐਵੇਂ ਹੀ ਤੱਤਾ ਹੁੰਦਾ ਹੈਂ । ਸੱਚ ਸੱਚ ਰਹਿੰਦਾ ਹੈ ਤੇ ਕੂੜ ਕੂੜ। ਕਿਉਂ ਘਬਰਾਉਂਦਾ ਹੈਂ ??

ਇਸ ਤਰ੍ਹਾਂ ਬਚਨ ਕਰਦਿਆਂ ਹੋਇਆਂ ਚੋਜੀ ਪ੍ਰੀਤਮ ਜੀ ਨੇ ਹੱਥਲੀ ਸੋਟੀ ਨਾਲ ਦੁਲਚੇ ਮਸੰਦ ਦੀ ਪੱਗ ਨੂੰ ਹਿਲਾਇਆ, ਬ੍ਰਹਮ ਸ਼ਕਤੀ ਦੇ ਨਾਲ ਸੋਟੀ ਲੱਗਣ ਸਾਰ ਪੱਗੜੀ ਸਿਰ ਤੋਂ ਹੇਠਾਂ ਡਿੱਗ ਪਈ । ਪੱਗੜੀ ਦੇ ਪੇਚ ਖੁਲ੍ਹ ਗਏ, ਪੇਚ ਖੁਲ੍ਹਣ ਦੀ ਢਿੱਲ ਸੀ ਕਿ ਉਸ ਵਿਚੋਂ ਇਕ ਕੜਿਆਂ ਦੀ ਜੋੜੀ ਜੋ ਸੋਨੇ ਦੀ ਜੜਾਉ ਸੀ, ਡਿੱਗ ਪਈ । ਉਸ ਦੇ ਪ੍ਰਗਟ ਹੋਣ ਨਾਲ ਦੁਲਚੇ ਦੇ ਤਾਂ ਮਾਪੇ ਮਰ ਗਏ। ਉਸ ਦੇ ਸਿਰ ਪਾਣੀ ਪੈ ਗਿਆ ਤੇ ਉਸਦਾ ਲਹੂ ਠੰਢਾ ਹੋ ਗਿਆ । ਉਹ ਭੁੱਲੜ ਪੁਰਸ਼ ਇਹ ਸਮਝਦਾ ਸੀ ਕਿ ਨਵੇਂ ਸਤਿਗੁਰੂ ਜੀ ਇਕ ਬਾਲਕ ਹਨ, ਇਨ੍ਹਾਂ ਨੂੰ ਜਗਤ ਦੀਆਂ ਹੋਰੀਆਂ ਦਾ ਕੀ ਗਿਆਨ ਸੀ ? ਪਾਪੀ ਤੇ ਲਾਲਚੀ ਪਾਪ ਕਰਨ ਲੱਗਾ ਨਹੀਂ ਝਿਜਕਦਾ । ਜਦੋਂ ਉਹਦਾ ਪਾਪ ਨੰਗਾ ਹੁੰਦਾ ਹੈ ਤਾਂ ਭੈ-ਭੀਤ ਹੋ ਜਾਂਦਾ ਹੈ । ਫਿਰ ਭਰੀ ਸੰਗਤ ਵਿਚ ਪਾਜ ਖੁਲ੍ਹਣਾ ਤਾਂ ਵੈਸੇ ਹੀ ਖਤਰਨਾਕ ਹੁੰਦਾ ਹੈ। ਉਸ ਵੇਲੇ ਉਸ ਨੂੰ ਧਰਤੀ ਵਿਹਲ ਨਾ ਦੇਵੇ । ਉਹ ਬਹੁਤ ਡਰ ਗਿਆ ।

ਸਿਖ ਸੰਗਤ ਦੀ ਮਨ ਬਿਰਤੀ ਵੀ ਉਹਦੇ ਵੱਲ ਖਿੱਚੀ ਗਈ । ਸਾਰੀ ਸੰਗਤ ਹੈਰਾਨ ਹੋਈ, ਦੁਲਚੇ ਦੀ ਕਰਤੂਤ ਦੇਖ ਕੇ ਸੰਗਤ ਨੂੰ ਕ੍ਰੋਧ ਸੀ । ਸਤਿਗੁਰੂ ਜੀ ਦਾ ਆਤਮਕ ਬਲ ਅਤੇ ਗਿਆਨ ਦੇਖ ਕੇ ਪ੍ਰਸੰਨਤਾ ਸੀ ਉਨ੍ਹਾਂ ਦੇ ਹਿਰਦੇ ਆਪ ਮੁਹਾਰੇ ਕਹਿਣ ਲੱਗ ਪਏ ਸਨ, ‘ਧੰਨ ਸੱਚਾ ਪਾਤਸ਼ਾਹ ! ਪਾਪੀਆਂ ਦੇ ਪਾਪ ਖੰਡਣਹਾਰ।' ਪਰ ਨਾਲ ਹੀ ਦੁਲਚੇ ਬਾਰੇ ਕਹਿ ਰਹੇ ਸਨ 'ਇਹ ਕਰਮ ਬਹੁਤ ਮਾੜਾ ਕੀਤਾ ।'

ਦੁਲਚੇ ਨੇ ਉਸੇ ਵੇਲੇ ਸਤਿਗੁਰੂ ਜੀ ਦੇ ਚਰਨ ਫੜ ਲਏ । ਧਾਹੀ ਮਾਰ ਕੇ ਰੋਣ ਲੱਗ ਪਿਆ । ਉਸ ਦਾ ਰੋਣਾ ਉਸ ਦੇ ਮਨ ਦੀ ਮੈਲ ਨੂੰ ਦੂਰ ਕਰਨ ਵਾਲਾ ਸੀ । ਉਹ ਰੋਂਦਾ ਹੋਇਆ ਬੋਲਿਆ-‘ਸੱਚੇ ਪਾਤਿਸ਼ਾਹ ! ਪਤਿਤ ਪਾਵਨ ਦੁੱਖ ਹਰਨ ਘਟ ਘਟ ਦੀ ਜਾਨਣਹਾਰ ਪ੍ਰਭੂ ਮੈਨੂੰ ਬਖਸ਼ੋ ! ਮੈਂ ਵੱਡਾ ਪਾਪੀ ਹਾਂ । ਮੈਂ ਭੁੱਲ ਗਿਆ। ਭੁੱਲ ਬਖਸ਼ੋ ! ਸੋਨੇ ਉਤੇ ਮੇਰਾ ਮਨ ਬੇਈਮਾਨ ਹੋ ਗਿਆ। ਮੈਂ ਪਛਤਾ ਰਿਹਾ ਹਾਂ। ਮੇਰੇ ਘਰ ਹੋਰ ਵੀ ਬਹੁਤ ਸਾਰੀਆਂ ਵਸਤੂਆਂ ਹਨ । ਮੈਂ ਉਹ ਸਾਰੀਆਂ ਆਪ ਦੀ ਭੇਟਾ ਲਿਆ ਦੇਂਦਾ ਹਾਂ । ਮੇਰੇ ਤੇ ਦਇਆ ਕਰੋ, ਮੇਹਰ ਕਰੋ ।'

ਛੇ ਫੁੱਟ ਉਚੀ ਲੋਥ ਸਤਿਗੁਰੂ ਜੀ ਦੇ ਚਰਨਾਂ ਉਪਰ ਇਉਂ ਡਿੱਗੀ ਹੋਈ ਪਛਤਾਵਾ ਕਰਦੀ ਰਹੀ । ਸਾਹਿਬਾਂ ਨੇ ਹੁਕਮ ਕੀਤਾ-'ਜਾਹ ਸਿੱਖਾਂ ਨੂੰ ਨਾਲ ਲੈ ਜਾਹ ਤੇ ਘਰੋਂ ਸਾਰੀਆਂ ਵਸਤੂਆਂ ਚੁਕਵਾ ਕੇ ਲੈ ਆ । ਅਗੇ ਨੂੰ ਸੰਭਲਕੇ ਤੁਰੀਂ ।”
ਦੁਲਚਾ ਉਠਿਆ, ਅੱਖਾਂ ਨੀਵੀਆਂ ਕਰੀ ਉਹ ਦੀਵਾਨ ਵਿਚੋਂ ਬਾਹਰ ਚਲਿਆ ਗਿਆ । ਉਸਦੇ ਪਿਛੇ ਪਿਛੇ ਸਤਿਗੁਰੂ ਜੀ ਨੇ ਦੋ ਸੇਵਾਦਾਰ ਭੇਜੇ । ਉਹ ਘਰ ਗਿਆ ਜਿੰਨੀਆਂ ਵਸਤੂਆਂ ਉਸਨੇ ਚੋਰੀ ਕਰਕੇ ਰੱਖੀਆਂ ਹੋਈਆਂ ਸਨ, ਉਹ ਸਾਰੀਆਂ ਹੀ ਘਰੋਂ ਚੁੱਕ ਕੇ ਲੈ ਆਇਆ ਤੇ ਸਤਿਗੁਰੂ ਜੀ ਦੀ ਭੇਟਾ ਕਰ ਦਿਤੀਆਂ। ਸਤਿਗੁਰੂ ਜੀ ਨੇ ਦਇਆ ਕਰਕੇ ਉਸਨੂੰ ਖਿਮਾ ਬਖਸ਼ੀ ਤੇ ਅਗੋਂ ਨੂੰ ਨੇਕ ਬਣ ਕੇ ਰਹਿਣ ਦੀ ਸਿਖਿਆ ਦਿਤੀ।
ਦਾਸ ਵਾਲੋ ਹੋਈ ਭੁੱਲ ਚੁੱਕ ਮਾਫ਼ ਕਰਨੀ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
🙏🌹🌹🌹🙏

6 days ago | [YT] | 234