Adbi Baithak by Harpreet Singh Kahlon

Adbi Baithak is a platform for long-form conversations on Punjab, Sikh history, politics, society and culture.

Hosted by journalist Harpreet Singh Kahlon, this channel brings meaningful discussions with intellectuals, writers, activists, scholars and political voices.

From Punjab politics to Sikh thought, from literature to contemporary issues — Adbi Baithak explores ideas that shape society.

ਸਹਿਜ ਸੰਵਾਦ ਸੰਗਤ = ਅਦਬੀ ਬੈਠਕ
Punjab’s Long Form Intellectual Conversations

[SUBSCRIBE] for meaningful discussions on Punjab, Sikh history and society.

New conversations every week 🙏🏼


Adbi Baithak

ਨੀਂਦ, Stress ਅਤੇ Lifestyle ਦਾ Stroke ਨਾਲ ਕੀ ਸਬੰਧ ਹੈ? ਘੱਟ ਨੀਂਦ, Stress, Unhealthy Diet ਅਤੇ Sedentary Lifestyle ਵਰਗੀਆਂ ਆਦਤਾਂ ਸਾਡੀ ਸਿਹਤ ਅਤੇ Stroke ਦੇ ਖਤਰੇ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀਆਂ ਹਨ?

https://youtu.be/1QV95HG-njw?si=RuxP8...

3 days ago | [YT] | 3

Adbi Baithak

ਮਹਿੰਦਰ ਸਿੰਘ ਦੋਸਾਂਝ : ਮਿੱਟੀ ਦੀ ਬੋਲੀ ਸਮਝਣ ਵਾਲਾ ਬਾਬਾ

ਕੁਝ ਬੰਦੇ ਤੁਰ ਜਾਂਦੇ ਹਨ ਪਰ ਉਨ੍ਹਾਂ ਦੇ ਤੁਰ ਜਾਣ ਨਾਲ ਉਹ ਖਾਲੀ ਥਾਂ ਨਹੀਂ ਬਣਦੀ ਜਿਸ ਨੂੰ ਕਿਸੇ ਹੋਰ ਨਾਲ ਭਰਿਆ ਜਾ ਸਕੇ। ਉਹ ਆਪਣੇ ਪਿੱਛੇ ਇੱਕ ਖਾਲੀਪਣ ਨਹੀਂ ਇੱਕ ਸਵਾਲ ਛੱਡ ਜਾਂਦੇ ਹਨ ਕਿ ਹੁਣ ਇਸ ਗੱਲ ਨੂੰ ਕੌਣ ਕਹੇਗਾ?

ਹੁਣ ਮਿੱਟੀ ਦੀ ਇਹ ਪੀੜ ਕੌਣ ਪੜ੍ਹੇਗਾ? ਹੁਣ ਖੇਤ ਦੀ ਵੱਟ ਉੱਤੇ ਖੜ੍ਹ ਕੇ ਕੌਣ ਦੱਸੇਗਾ ਕਿ ਧਰਤੀ ਸਿਰਫ਼ ਜ਼ਮੀਨ ਨਹੀਂ ਹੁੰਦੀ, ਇਹ ਸਾਡੀ ਯਾਦ ਵੀ ਹੁੰਦੀ ਹੈ, ਸਾਡੀ ਰੋਟੀ ਵੀ, ਸਾਡੀ ਰੂਹ ਵੀ ਤੇ ਸਾਡਾ ਭਵਿੱਖ ਵੀ।

ਮਹਿੰਦਰ ਸਿੰਘ ਦੋਸਾਂਝ ਦੇ ਤੁਰ ਜਾਣ ਨਾਲ ਮੈਨੂੰ ਪੰਜਾਬ ਦੀ ਮਿੱਟੀ ਵਿੱਚੋਂ ਇੱਕ ਅਜਿਹੀ ਆਵਾਜ਼ ਦੇ ਚੁੱਪ ਹੋ ਜਾਣ ਦਾ ਅਹਿਸਾਸ ਹੁੰਦਾ ਹੈ, ਜਿਹੜੀ ਆਵਾਜ਼ ਖੇਤ ਨੂੰ ਸਿਰਫ਼ ਖੇਤ ਨਹੀਂ ਸਮਝਦੀ ਸੀ।

ਉਹ ਖੇਤੀ ਨੂੰ ਅਨਾਜ ਪੈਦਾ ਕਰਨ ਦਾ ਧੰਦਾ ਨਹੀਂ ਜ਼ਿੰਦਗੀ ਨੂੰ ਪੈਦਾ ਕਰਨ ਦੀ ਕਲਾ ਸਮਝਦੇ ਸਨ। ਉਨ੍ਹਾਂ ਲਈ ਹਲ ਸਿਰਫ਼ ਲੋਹੇ ਦਾ ਇੱਕ ਸੰਦ ਨਹੀਂ ਸੀ, ਹਲ ਦੇ ਪਿੱਛੇ ਤੁਰਦਾ ਬੰਦਾ ਪੰਜਾਬ ਦੀ ਸਦੀਆਂ ਪੁਰਾਣੀ ਤਹਿਜ਼ੀਬ ਦਾ ਵਾਰਸ ਸੀ।

ਬੀਜ ਸਿਰਫ਼ ਬੀਜ ਨਹੀਂ ਸੀ। ਉਸ ਵਿੱਚ ਆਉਣ ਵਾਲੀ ਪੀੜ੍ਹੀ ਦਾ ਵਿਸ਼ਵਾਸ ਦੱਬਿਆ ਹੁੰਦਾ ਸੀ। ਤੇ ਮਿੱਟੀ ਸਿਰਫ਼ ਮਿੱਟੀ ਨਹੀਂ ਸੀ ਉਸ ਵਿੱਚ ਪੁਰਖਿਆਂ ਦੇ ਪੈਰਾਂ ਦੇ ਨਿਸ਼ਾਨ ਸਨ।

ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜਗਤਪੁਰੇ ਦੇ ਬਾਪੂ ਦੋਸਾਂਝ ਨੂੰ ਵੇਖਦਿਆਂ ਇੱਕ ਗੱਲ ਬੜੀ ਸਾਫ਼ ਹੋ ਕੇ ਸਾਹਮਣੇ ਆਉਂਦੀ ਹੈ ਕਿ ਕਿਸਾਨ ਹੋਣਾ ਅਤੇ ਖੇਤੀ ਕਰਨਾ ਦੋ ਵੱਖਰੀਆਂ ਗੱਲਾਂ ਹਨ।

ਖੇਤੀ ਕਰਨ ਵਾਲਾ ਬੰਦਾ ਫ਼ਸਲ ਉਗਾ ਸਕਦਾ ਹੈ ਪਰ ਕਿਸਾਨ ਉਹ ਹੈ ਜਿਹੜਾ ਧਰਤੀ ਨਾਲ ਰਿਸ਼ਤਾ ਬਣਾਉਂਦਾ ਹੈ। ਦੋਸਾਂਝ ਇਸ ਰਿਸ਼ਤੇ ਦੇ ਕਿਸਾਨ ਸਨ। ਉਨ੍ਹਾਂ ਨੇ ਮਿੱਟੀ ਨੂੰ ਵਰਤਿਆ ਨਹੀਂ ਉਹ ਮਿੱਟੀ ਨਾਲ ਵੱਸੇ ਹਨ।

ਉਨ੍ਹਾਂ ਨੇ ਧਰਤੀ ਤੋਂ ਸਿਰਫ਼ ਪੈਦਾਵਾਰ ਨਹੀਂ ਮੰਗੀ, ਧਰਤੀ ਦੀ ਸਿਹਤ ਬਾਰੇ ਵੀ ਸੋਚਿਆ। ਉਹ ਜਾਣਦੇ ਸਨ ਕਿ ਜੇ ਅਸੀਂ ਅੱਜ ਧਰਤੀ ਨੂੰ ਨਿਚੋੜ ਕੇ ਆਪਣਾ ਢਿੱਡ ਭਰ ਲਿਆ ਤਾਂ ਹੋ ਸਕਦਾ ਹੈ ਕੱਲ੍ਹ ਸਾਡੇ ਬੱਚਿਆਂ ਕੋਲ ਢਿੱਡ ਭਰਨ ਲਈ ਧਰਤੀ ਹੀ ਨਾ ਬਚੇ।

ਇਹੀ ਉਨ੍ਹਾਂ ਦੀ ਖੇਤੀ ਦੀ ਸਮਝ ਨੂੰ ਆਮ ਕਿਸਾਨੀ ਦੀ ਸਮਝ ਤੋਂ ਵੱਖ ਕਰਦੀ ਹੈ। ਉਹ ਝਾੜ ਦੇ ਅੰਕੜੇ ਨੂੰ ਆਖ਼ਰੀ ਸੱਚ ਨਹੀਂ ਮੰਨਦੇ ਸਨ। ਉਨ੍ਹਾਂ ਲਈ ਸਵਾਲ ਇਹ ਵੀ ਸੀ ਕਿ ਇਸ ਝਾੜ ਦੇ ਬਦਲੇ ਅਸੀਂ ਮਿੱਟੀ ਤੋਂ ਕੀ ਖੋਹ ਰਹੇ ਹਾਂ? ਪਾਣੀ ਵਿੱਚੋਂ ਕੀ ਘਟਾ ਰਹੇ ਹਾਂ? ਹਵਾ ਵਿੱਚ ਕੀ ਘੋਲ ਰਹੇ ਹਾਂ? ਅਤੇ ਆਪਣੇ ਆਉਣ ਵਾਲੇ ਬੱਚਿਆਂ ਦੇ ਹਿੱਸੇ ਵਿੱਚ ਕੀ ਛੱਡ ਰਹੇ ਹਾਂ?

ਸ਼ਾਇਦ ਇਸੇ ਕਰਕੇ ਦੋਸਾਂਝ ਦੀ ਕਿਸਾਨੀ ਵਿੱਚ ਇੱਕ ਕਿਸਮ ਦੀ ਨੈਤਿਕਤਾ ਦਿਖਾਈ ਦਿੰਦੀ ਹੈ। ਉਹ ਖੇਤੀ ਨੂੰ ਸਿਰਫ਼ ਆਰਥਿਕਤਾ ਨਾਲ ਨਹੀਂ, ਜ਼ਿੰਮੇਵਾਰੀ ਨਾਲ ਜੋੜਦੇ ਸਨ।

ਧਰਤੀ ਤੁਹਾਡੀ ਮਲਕੀਅਤ ਹੋ ਸਕਦੀ ਹੈ ਪਰ ਉਹ ਤੁਹਾਡੀ ਜਾਇਦਾਦ ਨਹੀਂ। ਇਹ ਫ਼ਰਕ ਸਮਝਣਾ ਹੀ ਸ਼ਾਇਦ ਉਨ੍ਹਾਂ ਦੀ ਖੇਤੀਬਾੜੀ ਦੀ ਸਭ ਤੋਂ ਵੱਡੀ ਸਿੱਖਿਆ ਸੀ।

ਅਤੇ ਇੱਥੇ ਆ ਕੇ ਮਹਿੰਦਰ ਸਿੰਘ ਦੋਸਾਂਝ ਸਿਰਫ਼ ਕਿਸਾਨ ਨਹੀਂ ਰਹਿੰਦੇ। ਉਹ ਇੱਕ ਵਿਚਾਰ ਬਣ ਜਾਂਦੇ ਹਨ।

ਉਨ੍ਹਾਂ ਦੀ ਜ਼ਿੰਦਗੀ ਸਾਨੂੰ ਇਹ ਵੀ ਦੱਸਦੀ ਹੈ ਕਿ ਪੰਜਾਬੀ ਕਿਸਾਨੀ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਮਿਹਨਤ ਹੀ ਨਹੀਂ, ਉਸ ਦੀ ਸਾਂਝੀ ਯਾਦ ਹੈ। ਉਹ ਪੁਰਾਣੇ ਪੰਜਾਬ ਨੂੰ ਜਾਣਦੇ ਸਨ। ਪਿੰਡ ਦੀ ਬੋਲੀ ਨੂੰ ਜਾਣਦੇ ਸਨ। ਮਿੱਟੀ ਦੀ ਮਹਿਕ ਨੂੰ ਜਾਣਦੇ ਸਨ।

ਉਹ ਉਸ ਪੰਜਾਬ ਦੇ ਗਵਾਹ ਸਨ ਜਿੱਥੇ ਖੇਤ ਦਾ ਮਤਲਬ ਸਿਰਫ਼ ਅੱਠ ਕਿੱਲੇ ਜਾਂ ਦਸ ਕਿੱਲੇ ਨਹੀਂ ਸੀ। ਖੇਤ ਪਰਿਵਾਰ ਸੀ, ਖੇਤ ਰਿਸ਼ਤਾ ਸੀ, ਖੇਤ ਰੁੱਤਾਂ ਦਾ ਕੈਲੰਡਰ ਸੀ, ਖੇਤ ਪਿੰਡ ਦੀ ਸਾਂਝੀ ਧੜਕਣ ਸੀ।

ਇਸੇ ਲਈ ਉਨ੍ਹਾਂ ਦਾ ਸਾਹਿਤ ਅਤੇ ਉਨ੍ਹਾਂ ਦੀ ਖੇਤੀ ਇੱਕ ਦੂਜੇ ਤੋਂ ਵੱਖਰੇ ਨਹੀਂ ਸਨ। ਜਿਹੜਾ ਮਨੁੱਖ ਮਿੱਟੀ ਨੂੰ ਪੜ੍ਹਦਾ ਹੈ, ਉਹ ਮਨੁੱਖ ਨੂੰ ਵੀ ਥੋੜ੍ਹਾ ਹੋਰ ਡੂੰਘਾ ਪੜ੍ਹਦਾ ਹੈ ਅਤੇ ਜਿਹੜਾ ਮਨੁੱਖ ਮਨੁੱਖ ਨੂੰ ਪੜ੍ਹ ਲੈਂਦਾ ਹੈ, ਉਸ ਨੂੰ ਸਮਝ ਆ ਜਾਂਦੀ ਹੈ ਕਿ ਖੇਤੀ ਦੀ ਅਸਲ ਕਹਾਣੀ ਫ਼ਸਲ ਦੀ ਨਹੀਂ ਸਗੋਂ ਮਨੁੱਖ ਅਤੇ ਮਿੱਟੀ ਦੇ ਰਿਸ਼ਤੇ ਦੀ ਕਹਾਣੀ ਹੈ।

ਦੋਸਾਂਝ ਦੀ ਸ਼ਖ਼ਸੀਅਤ ਦਾ ਇਹ ਪੱਖ ਮੈਨੂੰ ਸਭ ਤੋਂ ਵੱਧ ਛੂੰਹਦਾ ਹੈ ਕਿ ਉਨ੍ਹਾਂ ਨੇ ਗਿਆਨ ਨੂੰ ਆਪਣੇ ਕੋਲ ਕੈਦ ਨਹੀਂ ਕੀਤਾ। ਰਸਮੀ ਸਿੱਖਿਆ ਦੀਆਂ ਹੱਦਾਂ ਤੋਂ ਬਾਹਰ ਰਹਿ ਕੇ ਉਨ੍ਹਾਂ ਨੇ ਆਪਣੇ ਆਪ ਨੂੰ ਪੜ੍ਹਿਆ, ਭਾਸ਼ਾਵਾਂ ਸਿੱਖੀਆਂ, ਸਾਹਿਤ ਨਾਲ ਜੁੜੇ, ਲਿਖਿਆ ਅਤੇ ਪਿੰਡ ਵਿੱਚ ਲਾਇਬ੍ਰੇਰੀਆਂ ਬਣਾਉਣ ਤੱਕ ਦੀ ਕੋਸ਼ਿਸ਼ ਕੀਤੀ।

ਉਹਨਾਂ ਬਾਰੇ ਪੰਜਾਬੀ ਜਾਗਰਨ ਵਿੱਚ ਕਦੀ ਪੜ੍ਹਿਆ ਸੀ ਕਿ ਲਿਖਾਰੀ ਸਭਾ ਜਗਤਪੁਰ ਦੀ ਸਥਾਪਨਾ ਤੋਂ ਲੈ ਕੇ ਸਾਹਿਤਕ ਰਚਨਾ ਤੱਕ ਉਨ੍ਹਾਂ ਦੀ ਯਾਤਰਾ ਇਹ ਦੱਸਦੀ ਹੈ ਕਿ ਉਹ ਖੇਤ ਵਿੱਚ ਬੀਜ ਹੀ ਨਹੀਂ ਬੀਜਦੇ ਸਨ। ਉਹ ਮਨੁੱਖਾਂ ਦੇ ਅੰਦਰ ਵੀ ਬੀਜ ਬੀਜਦੇ ਸਨ।

ਕਿੰਨੀ ਸੋਹਣੀ ਗੱਲ ਹੈ ਹਣਾਂ? ਇੱਕ ਕਿਸਾਨ ਜਿਸ ਨੇ ਧਰਤੀ ਵਿੱਚ ਬੀਜ ਬੀਜੇ ਅਤੇ ਇੱਕ ਲੇਖਕ ਜਿਸ ਨੇ ਮਨੁੱਖ ਦੇ ਮਨ ਵਿੱਚ ਵਿਚਾਰ ਬੀਜੇ।

ਦੋਵੇਂ ਕੰਮਾਂ ਵਿੱਚ ਇੱਕੋ ਜਿਹੀ ਸਬਰ ਦੀ ਲੋੜ ਹੁੰਦੀ ਹੈ। ਬੀਜ ਪਾ ਕੇ ਫ਼ੌਰਨ ਫ਼ਸਲ ਨਹੀਂ ਆਉਂਦੀ। ਵਿਚਾਰ ਬੀਜ ਕੇ ਵੀ ਫ਼ੌਰਨ ਮਨੁੱਖ ਨਹੀਂ ਬਦਲਦਾ। ਦੋਵੇਂ ਨੂੰ ਸਮਾਂ ਚਾਹੀਦਾ ਹੈ, ਪਾਣੀ ਚਾਹੀਦਾ ਹੈ, ਸੰਭਾਲ ਚਾਹੀਦੀ ਹੈ ਅਤੇ ਸਭ ਤੋਂ ਵੱਧ ਵਿਸ਼ਵਾਸ ਚਾਹੀਦਾ ਹੈ।

ਮਹਿੰਦਰ ਸਿੰਘ ਦੋਸਾਂਝ ਕੋਲ ਇਹ ਵਿਸ਼ਵਾਸ ਸੀ।

ਉਹ ਜਾਣਦੇ ਸਨ ਕਿ ਪੰਜਾਬ ਦੀ ਅਸਲ ਤਰੱਕੀ ਸਿਰਫ਼ ਵੱਡੇ ਟਰੈਕਟਰਾਂ, ਵੱਡੀਆਂ ਮਸ਼ੀਨਾਂ ਜਾਂ ਵੱਧ ਪੈਦਾਵਾਰ ਵਿੱਚ ਨਹੀਂ। ਪੰਜਾਬ ਦੀ ਤਰੱਕੀ ਉਸ ਵੇਲੇ ਹੋਵੇਗੀ ਜਦੋਂ ਕਿਸਾਨ ਆਪਣੀ ਜ਼ਮੀਨ ਨਾਲ ਖੜ੍ਹਾ ਰਹੇਗਾ, ਜਦੋਂ ਪਾਣੀ ਬਚੇਗਾ, ਜਦੋਂ ਮਿੱਟੀ ਜਿਊਂਦੀ ਰਹੇਗੀ, ਜਦੋਂ ਪਿੰਡ ਆਪਣੀ ਯਾਦ ਨਹੀਂ ਗੁਆਏਗਾ ਅਤੇ ਜਦੋਂ ਨਵੀਂ ਪੀੜ੍ਹੀ ਨੂੰ ਇਹ ਪਤਾ ਹੋਵੇਗਾ ਕਿ ਉਹ ਕਿੱਥੋਂ ਆਈ ਹੈ।

ਪਰ ਉਨ੍ਹਾਂ ਨੂੰ ਸਿਰਫ਼ ਖੇਤੀ ਦੇ ਮਾਹਿਰ ਵਜੋਂ ਯਾਦ ਕਰਨਾ ਵੀ ਉਨ੍ਹਾਂ ਨਾਲ ਇਨਸਾਫ਼ ਨਹੀਂ ਹੋਵੇਗਾ।

ਉਹ ਦਰਅਸਲ ਕਦਰਾਂ-ਕੀਮਤਾਂ ਦੇ ਕਿਸਾਨ ਸਨ।

ਉਨ੍ਹਾਂ ਦੀ ਜ਼ਿੰਦਗੀ ਵਿੱਚ ਮਿਹਨਤ ਦੀ ਕਦਰ ਸੀ। ਸਾਦਗੀ ਦੀ ਕਦਰ ਸੀ। ਸਾਂਝ ਦੀ ਕਦਰ ਸੀ। ਗਿਆਨ ਦੀ ਕਦਰ ਸੀ। ਆਪਣੀ ਮਿੱਟੀ ਨਾਲ ਵਫ਼ਾਦਾਰੀ ਦੀ ਕਦਰ ਸੀ ਅਤੇ ਸਭ ਤੋਂ ਵੱਡੀ ਗੱਲ ਆਪਣੇ ਤੋਂ ਬਾਅਦ ਆਉਣ ਵਾਲੀ ਪੀੜ੍ਹੀ ਪ੍ਰਤੀ ਜ਼ਿੰਮੇਵਾਰੀ ਦੀ ਕਦਰ ਸੀ।

ਇਹ ਉਹ ਕਦਰਾਂ-ਕੀਮਤਾਂ ਹਨ ਜਿਨ੍ਹਾਂ ਦਾ ਅੱਜ ਸਭ ਤੋਂ ਵੱਧ ਅਕਾਲ ਹੈ।

ਅਸੀਂ ਅੱਜ ਸਫ਼ਲਤਾ ਨੂੰ ਅਕਸਰ ਇਸ ਗੱਲ ਨਾਲ ਮਾਪਦੇ ਹਾਂ ਕਿ ਸਾਡੇ ਕੋਲ ਕਿੰਨਾ ਹੈ। ਬਾਪੂ ਦੋਸਾਂਝ ਦੀ ਜ਼ਿੰਦਗੀ ਸਾਨੂੰ ਪੁੱਛਦੀ ਹੈ ਤੁਸੀਂ ਪਿੱਛੇ ਕੀ ਛੱਡ ਕੇ ਜਾ ਰਹੇ ਹੋ?

ਇਹ ਸਵਾਲ ਬਹੁਤ ਵੱਡਾ ਹੈ।

ਕਿਸੇ ਬੰਦੇ ਦੀ ਅਸਲ ਦੌਲਤ ਉਸ ਦੀ ਜ਼ਮੀਨ ਦਾ ਰਕਬਾ ਨਹੀਂ ਹੁੰਦੀ। ਉਸ ਦੇ ਜਾਣ ਤੋਂ ਬਾਅਦ ਕਿੰਨੇ ਬੰਦੇ ਉਸ ਨੂੰ ਯਾਦ ਕਰਦੇ ਹਨ, ਕਿੰਨੇ ਵਿਚਾਰ ਉਸ ਤੋਂ ਅੱਗੇ ਤੁਰਦੇ ਹਨ ਅਤੇ ਕਿੰਨੇ ਬੀਜ ਉਸ ਦੇ ਹੱਥੋਂ ਅਗਲੀ ਪੀੜ੍ਹੀ ਤੱਕ ਪਹੁੰਚਦੇ ਹਨ। ਸ਼ਾਇਦ ਮਨੁੱਖ ਦੀ ਅਸਲ ਕਮਾਈ ਇਹੀ ਹੁੰਦੀ ਹੈ।

ਮਹਿੰਦਰ ਸਿੰਘ ਦੋਸਾਂਝ ਨੇ ਬਹੁਤ ਕੁਝ ਛੱਡਿਆ ਹੈ।

ਖੇਤ ਛੱਡੇ ਹਨ। ਵਿਚਾਰ ਛੱਡੇ ਹਨ। ਲਿਖਤ ਛੱਡੀ ਹੈ। ਪਿੰਡ ਦੀ ਯਾਦ ਛੱਡੀ ਹੈ। ਖੇਤੀ ਦੀ ਇੱਕ ਸਮਝ ਛੱਡੀ ਹੈ ਅਤੇ ਸਭ ਤੋਂ ਵੱਧ ਇੱਕ ਅਜਿਹੀ ਜ਼ਿੰਦਗੀ ਛੱਡੀ ਹੈ ਜਿਸ ਨੂੰ ਵੇਖ ਕੇ ਅਸੀਂ ਇਹ ਸਿੱਖ ਸਕਦੇ ਹਾਂ ਕਿ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਕਰਨਾ ਵੀ ਇੱਕ ਤਰ੍ਹਾਂ ਦੀ ਸਾਹਿਤਕ ਰਚਨਾ ਹੁੰਦੀ ਹੈ।

ਉਨ੍ਹਾਂ ਦੀ ਜ਼ਿੰਦਗੀ ਮੈਨੂੰ ਇੱਕ ਖੇਤ ਵਰਗੀ ਲੱਗਦੀ ਹੈ।

ਜਿਸ ਵਿੱਚ ਕਿਤੇ ਕਣਕ ਉੱਗੀ, ਕਿਤੇ ਵਿਚਾਰ। ਕਿਤੇ ਕਹਾਣੀ ਉੱਗੀ, ਕਿਤੇ ਯਾਦ। ਕਿਤੇ ਪਾਣੀ ਦੀ ਚਿੰਤਾ ਉੱਗੀ, ਕਿਤੇ ਪੰਜਾਬ ਦੀ ਫ਼ਿਕਰ। ਤੇ ਕਿਤੇ ਇੱਕ ਅਜਿਹਾ ਬੰਦਾ ਉੱਗਿਆ, ਜਿਸ ਨੇ ਆਪਣੀ ਪੂਰੀ ਉਮਰ ਇਹ ਸਮਝਣ ਵਿੱਚ ਲਾ ਦਿੱਤੀ ਕਿ ਧਰਤੀ ਨੂੰ ਜਿੱਤਿਆ ਨਹੀਂ ਜਾਂਦਾ ਸਗੋਂ ਧਰਤੀ ਨਾਲ ਨਿਭਿਆ ਜਾਂਦਾ ਹੈ।

ਖੇਤ ਨੂੰ ਖੇਤ ਸਮਝਣ ਤੋਂ ਪਹਿਲਾਂ ਧਰਤੀ ਸਮਝੀਏ।
ਪਾਣੀ ਨੂੰ ਵਸੀਲਾ ਸਮਝਣ ਤੋਂ ਪਹਿਲਾਂ ਵਿਰਾਸਤ ਸਮਝੀਏ।
ਅਤੇ ਜ਼ਿੰਦਗੀ ਨੂੰ ਸਿਰਫ਼ ਆਪਣੇ ਲਈ ਜਿਊਣ ਤੋਂ ਪਹਿਲਾਂ ਇਹ ਸੋਚੀਏ ਕਿ ਸਾਡੇ ਹੱਥੋਂ ਅਗਲੀ ਪੀੜ੍ਹੀ ਨੂੰ ਕੀ ਮਿਲੇਗਾ ?

ਸ਼ਾਇਦ ਇਹੀ ਮਹਿੰਦਰ ਸਿੰਘ ਦੋਸਾਂਝ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਹੈ।

ਮਹਿੰਦਰ ਸਿੰਘ ਦੋਸਾਂਝ ਨੂੰ ਨਿਮਰ ਸ਼ਰਧਾਂਜਲੀ।
ਮਿੱਟੀ ਦੇ ਇਸ ਪੁੱਤਰ ਦੀ ਯਾਦ ਨੂੰ ਸਲਾਮ।

~ ਹਰਪ੍ਰੀਤ ਸਿੰਘ ਕਾਹਲੋਂ

https://youtu.be/fSqm1VPN0uU?si=4g9t3...

1 week ago | [YT] | 35

Adbi Baithak

ਲੋਕਤੰਤਰ ਦਾ ਮੁਖੌਟਾ ਅਤੇ ਸੱਤਾ ਦਾ ਹੰਕਾਰ

ਲੋਕਤੰਤਰ ਸਿਰਫ਼ ਚੋਣਾਂ ਜਿੱਤਣ ਦਾ ਨਾਮ ਨਹੀਂ, ਸਗੋਂ ਹਾਰ ਜਾਣ ਵਾਲੇ ਦੀ ਆਵਾਜ਼ ਨੂੰ ਵੀ ਬਰਾਬਰ ਦਾ ਹੱਕ ਦੇਣ ਦਾ ਨਾਮ ਹੈ ਪਰ ਪੰਜਾਬ ਦੀ ਮੌਜੂਦਾ ਸਿਆਸੀ ਤਸਵੀਰ ਵਿੱਚ ਸਵਾਲ ਇਹ ਨਹੀਂ ਰਹਿ ਗਿਆ ਕਿ ਸਰਕਾਰ ਲੋਕਤੰਤਰ ਵਿੱਚ ਵਿਸ਼ਵਾਸ ਕਰਦੀ ਹੈ ਜਾਂ ਨਹੀਂ।

ਸਵਾਲ ਇਹ ਬਣ ਗਿਆ ਹੈ ਕਿ ਸੱਤਾ ਵਿੱਚ ਰਹਿੰਦਿਆਂ ਸਰਕਾਰ ਲੋਕਤੰਤਰ ਦੀਆਂ ਉਹਨਾਂ ਸੰਵਿਧਾਨਕ ਹੱਦਾਂ ਨੂੰ ਕਿੰਨਾ ਕੁ ਮੰਨਦੀ ਹੈ ਜੋ ਉਸ ਦੀ ਆਪਣੀ ਤਾਕਤ ਨੂੰ ਵੀ ਸੀਮਤ ਕਰਦੀਆਂ ਹਨ?

ਅੱਜ ਦੀਆਂ ਘਟਨਾਵਾਂ ਨੂੰ ਇੱਕ-ਇੱਕ ਕਰਕੇ ਦੇਖਣ ਦੀ ਬਜਾਏ ਜੇ ਇਨ੍ਹਾਂ ਨੂੰ ਇੱਕੋ ਤਸਵੀਰ ਦੇ ਹਿੱਸੇ ਵਜੋਂ ਦੇਖਿਆ ਜਾਵੇ ਤਾਂ ਮਾਮਲਾ ਹੋਰ ਗੰਭੀਰ ਹੋ ਜਾਂਦਾ ਹੈ।

ਇੱਕ ਪਾਸੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਵਰਗੇ ਸਿਆਸੀ ਸੰਗਠਨਾਂ ਦੀ ਰਜਿਸਟ੍ਰੇਸ਼ਨ ਅਤੇ ਚੋਣ ਨਿਸ਼ਾਨ ਨਾਲ ਜੁੜੀ ਪ੍ਰਕਿਰਿਆ ਲੰਮੀ ਖਿੱਚ ਰਹੀ ਹੈ।

ਸਵਾਲ ਬਹੁਤ ਸਿੱਧਾ ਹੈ। ਜੇ ਕੋਈ ਸਿਆਸੀ ਜਥੇਬੰਦੀ ਕਾਨੂੰਨ ਵੱਲੋਂ ਨਿਰਧਾਰਤ ਪ੍ਰਕਿਰਿਆ ਅਧੀਨ ਚੋਣੀ ਮੈਦਾਨ ਵਿੱਚ ਆਉਣਾ ਚਾਹੁੰਦੀ ਹੈ ਤਾਂ ਉਸ ਦੇ ਮਾਮਲੇ ਦਾ ਨਿਪਟਾਰਾ ਸਮੇਂ ਸਿਰ, ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਿਉਂ ਨਹੀਂ ਹੋਣਾ ਚਾਹੀਦਾ?

ਕਿਸੇ ਪਾਰਟੀ ਦੀ ਵਿਚਾਰਧਾਰਾ ਪਸੰਦ ਹੈ ਜਾਂ ਨਹੀਂ, ਕਿਸੇ ਆਗੂ ਨਾਲ ਸਹਿਮਤੀ ਹੈ ਜਾਂ ਨਹੀਂ। ਇਹ ਲੋਕਾਂ ਦਾ ਫ਼ੈਸਲਾ ਹੈ। ਪ੍ਰਸ਼ਾਸਨ ਦਾ ਕੰਮ ਲੋਕਾਂ ਦੀ ਥਾਂ ਫ਼ੈਸਲਾ ਕਰਨਾ ਨਹੀਂ, ਸਗੋਂ ਲੋਕਾਂ ਨੂੰ ਫ਼ੈਸਲਾ ਕਰਨ ਲਈ ਬਰਾਬਰ ਦਾ ਮੈਦਾਨ ਦੇਣਾ ਹੈ।

ਜੇ ਆਮ ਪ੍ਰਕਿਰਿਆ ਨਾਲੋਂ ਅਸਧਾਰਨ ਦੇਰੀ ਹੁੰਦੀ ਹੈ ਤਾਂ ਉਸ ਦਾ ਸਪੱਸ਼ਟ ਕਾਰਨ ਸਾਹਮਣੇ ਆਉਣਾ ਚਾਹੀਦਾ ਹੈ। ਨਹੀਂ ਤਾਂ ਪ੍ਰਸ਼ਾਸਨਿਕ ਦੇਰੀ ਆਪਣੇ ਆਪ ਵਿੱਚ ਇੱਕ ਸਿਆਸੀ ਸ਼ੱਕ ਪੈਦਾ ਕਰਦੀ ਹੈ।

ਅਤੇ ਲੋਕਤੰਤਰ ਵਿੱਚ ਇਸ ਤੋਂ ਵੱਡਾ ਖ਼ਤਰਾ ਹੋਰ ਕੀ ਹੋ ਸਕਦਾ ਹੈ ਕਿ ਲੋਕਾਂ ਨੂੰ ਇਹ ਮਹਿਸੂਸ ਹੋਣ ਲੱਗੇ ਕਿ ਚੋਣੀ ਮੈਦਾਨ ਵਿੱਚ ਕੌਣ ਉਤਰੇਗਾ ਅਤੇ ਕੌਣ ਨਹੀਂ। ਇਹ ਫ਼ੈਸਲਾ ਵੋਟਰ ਨਹੀਂ, ਸਿਸਟਮ ਦੀ ਅਦਿੱਖ ਤਾਕਤ ਕਰ ਰਹੀ ਹੈ?

ਇਸੇ ਮਾਮਲੇ ਨੂੰ ਲੈ ਕੇ ਇੰਡੀਆਨ ਐਕਸਪ੍ਰੈੱਸ ਵਿੱਚ ਰਿਪੋਰਟ ਆਉਂਦੀ ਹੈ ਅਤੇ ਪੱਤਰਕਾਰ ਕਮਲਦੀਪ ਸਿੰਘ ਬਰਾੜ ਉਸ ਨੂੰ ਸਾਂਝਾ ਕਰਦੇ ਹਨ।

ਜੇ ਕਿਸੇ ਸਿਆਸੀ ਪਾਰਟੀ ਦੀ ਰਜਿਸਟ੍ਰੇਸ਼ਨ ਬਾਰੇ ਖ਼ਬਰ ਛਪਣ ਤੋਂ ਬਾਅਦ ਉਸ ਦੀ ਪਹੁੰਚ ਰੋਕਣ ਜਾਂ ਉਸ ਨੂੰ ਹਟਾਉਣ ਦੀ ਕਾਰਵਾਈ ਹੁੰਦੀ ਹੈ, ਤਾਂ ਸਵਾਲ ਹੋਰ ਡੂੰਘਾ ਹੋ ਜਾਂਦਾ ਹੈ।

ਕੀ ਹੁਣ ਸਰਕਾਰਾਂ ਨੂੰ ਖ਼ਬਰ ਪਸੰਦ ਨਾ ਆਉਣ ਦੀ ਸੂਰਤ ਵਿੱਚ ਖ਼ਬਰ ਨਾਲ ਲੜਨਾ ਹੈ ਜਾਂ ਖ਼ਬਰ ਵਿੱਚ ਉੱਠੇ ਸਵਾਲ ਦਾ ਜਵਾਬ ਦੇਣਾ ਹੈ?

ਲੋਕਤੰਤਰ ਵਿੱਚ ਪ੍ਰਸ਼ਾਸਨ ਦੀ ਤਾਕਤ ਦਾ ਮਤਲਬ ਇਹ ਨਹੀਂ ਕਿ ਉਹ ਅਸਹਿਮਤੀ ਨੂੰ ਚੁੱਪ ਕਰਵਾ ਸਕੇ। ਤਾਕਤ ਦਾ ਅਸਲ ਇਮਤਿਹਾਨ ਇਹ ਹੈ ਕਿ ਉਹ ਅਸਹਿਮਤੀ ਨੂੰ ਸਹਿਣ ਦੀ ਸਮਰੱਥਾ ਰੱਖਦਾ ਹੋਵੇ।

ਦੂਜੀ ਤਸਵੀਰ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਹੈ। ਬਿਜਲੀ ਵਿਭਾਗ ਦੇ ਲਾਈਨਮੈਨ, ਬੇਰੁਜ਼ਗਾਰ ਨੌਜਵਾਨ, ਪ੍ਰੋਫੈਸਰ, ਸਿਹਤ ਖੇਤਰ ਦੇ ਕਰਮਚਾਰੀ ਅਤੇ ਹੋਰ ਸਰਕਾਰੀ ਅਦਾਰਿਆਂ ਦੇ ਮੁਲਾਜ਼ਮ

ਜੇ ਵੱਖ-ਵੱਖ ਵਰਗ ਇੱਕੋ ਸਮੇਂ ਸਰਕਾਰ ਦੇ ਦਰਵਾਜ਼ੇ ’ਤੇ ਆਪਣੀਆਂ ਮੰਗਾਂ ਲੈ ਕੇ ਖੜ੍ਹੇ ਹਨ ਤਾਂ ਇਸ ਨੂੰ ਸਿਰਫ਼ ਵਿਰੋਧ ਕਹਿਕੇ ਖ਼ਤਮ ਨਹੀਂ ਕੀਤਾ ਜਾ ਸਕਦਾ। ਇਹ ਸਰਕਾਰ ਲਈ ਲੋਕਾਂ ਦੇ ਮੂਡ ਦੀ ਘੰਟੀ ਹੈ।

ਲੋਕਤੰਤਰਿਕ ਸਰਕਾਰ ਦਾ ਕੰਮ ਇਹ ਨਹੀਂ ਕਿ ਹਰ ਵਿਰੋਧ ਨੂੰ ਕਾਨੂੰਨ-ਵਿਵਸਥਾ ਦੀ ਸਮੱਸਿਆ ਸਮਝੇ। ਪਹਿਲਾਂ ਇਹ ਪੁੱਛਣਾ ਚਾਹੀਦਾ ਹੈ ਕਿ ਲੋਕ ਸੜਕ ’ਤੇ ਆਏ ਹੀ ਕਿਉਂ ਹਨ?

ਮਹਿੰਗਾਈ ਭੱਤੇ ਜਾਂ ਹੋਰ ਜਾਇਜ਼ ਸੇਵਾ-ਸਬੰਧੀ ਮੰਗਾਂ ਦਾ ਮਾਮਲਾ ਗੱਲਬਾਤ ਨਾਲ ਹੱਲ ਹੋ ਸਕਦਾ ਹੈ ਤਾਂ ਫਿਰ ਟਕਰਾਅ ਕਿਉਂ?

ਅਤੇ ਜੇ ਸਰਕਾਰ ਕੋਲ ਇਸ਼ਤਿਹਾਰਾਂ, ਪ੍ਰਚਾਰ ਅਤੇ ਆਪਣੀ ਉਪਲਬਧੀ ਦੱਸਣ ਲਈ ਜਨਤਕ ਖ਼ਜ਼ਾਨੇ ਵਿੱਚੋਂ ਕਰੋੜਾਂ ਰੁਪਏ ਖਰਚ ਕਰਨ ਲਈ ਪੈਸਾ ਹੈ ਤਾਂ ਸਰਕਾਰੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਲਈ ਪੈਸਾ ਨਾ ਹੋਣ ਦਾ ਤਰਕ ਆਮ ਨਾਗਰਿਕ ਨੂੰ ਕਿਵੇਂ ਸਮਝਾਇਆ ਜਾਵੇ?

ਇਹ ਸਰਕਾਰ ਦੇ ਖ਼ਰਚੇ ਦਾ ਹੀ ਨਹੀਂ, ਸਰਕਾਰ ਦੀਆਂ ਤਰਜੀਹਾਂ ਦਾ ਸਵਾਲ ਹੈ।

ਮੁਫ਼ਤ ਜਾਂ ਸਬਸਿਡੀ ਵਾਲੀਆਂ ਸਕੀਮਾਂ ਨੂੰ ਆਪਣੇ ਆਪ ਵਿੱਚ ਗਲਤ ਕਹਿਣਾ ਨਾ ਤਾਂ ਸਿਆਣਪ ਹੈ ਅਤੇ ਨਾ ਹੀ ਲੋਕ-ਕਲਿਆਣ ਦੀ ਸਮਝ।

ਗਰੀਬ ਅਤੇ ਲੋੜਵੰਦ ਨੂੰ ਰਾਹਤ ਦੇਣਾ ਸਰਕਾਰ ਦਾ ਫ਼ਰਜ਼ ਹੈ ਪਰ ਜਦੋਂ ਲੋਕ-ਭਲਾਈ ਅਤੇ ਵੋਟ-ਬੈਂਕ ਦੀ ਰਾਜਨੀਤੀ ਇੱਕ ਦੂਜੇ ਵਿੱਚ ਇਸ ਤਰ੍ਹਾਂ ਰਲ ਜਾਣ ਕਿ ਅੱਜ ਦੀ ਰਾਜਨੀਤਿਕ ਕਾਮਯਾਬੀ ਲਈ ਕੱਲ੍ਹ ਦੇ ਪੰਜਾਬ ਦੀ ਵਿੱਤੀ ਸਿਹਤ ਦਾਅ ’ਤੇ ਲੱਗ ਜਾਵੇ ਤਾਂ ਸਵਾਲ ਪੁੱਛਣਾ ਲਾਜ਼ਮੀ ਹੈ।

ਲੋਕਾਂ ਨੂੰ ਰਾਹਤ ਦੇਣੀ ਹੈ ਜਾਂ ਲੋਕਾਂ ਦੀਆਂ ਵੋਟਾਂ ਖਰੀਦਣ ਲਈ ਰਾਹਤ ਨੂੰ ਰਾਜਨੀਤਿਕ ਹਥਿਆਰ ਬਣਾਉਣਾ ਹੈ। ਇਨ੍ਹਾਂ ਦੋਹਾਂ ਵਿੱਚ ਬਹੁਤ ਵੱਡਾ ਫ਼ਰਕ ਹੈ।

ਸਭ ਤੋਂ ਵੱਡਾ ਸਵਾਲ ਫਿਰ ਵੀ ਸੜਕ ’ਤੇ ਖੜ੍ਹੇ ਉਸ ਮੁਲਾਜ਼ਮ ਦਾ ਹੈ ਜੋ ਸਰਕਾਰ ਨਾਲ ਗੱਲ ਕਰਨਾ ਚਾਹੁੰਦਾ ਹੈ। ਜੇ ਉਸ ਦੇ ਹੱਥ ਵਿੱਚ ਹਥਿਆਰ ਨਹੀਂ, ਉਹ ਆਪਣੀ ਮੰਗ ਲੈ ਕੇ ਖੜ੍ਹਾ ਹੈ, ਤਾਂ ਸਰਕਾਰ ਦੇ ਹੱਥ ਵਿੱਚ ਗੱਲਬਾਤ ਦਾ ਰਸਤਾ ਕਿਉਂ ਨਹੀਂ ਹੋਣਾ ਚਾਹੀਦਾ?

ਪਾਣੀ ਦੀ ਵਾਛੜ ਸਰਕਾਰ ਦੀ ਤਾਕਤ ਦਿਖਾ ਸਕਦੀ ਹੈ ਪਰ ਸੰਵਾਦ ਸਰਕਾਰ ਦੀ ਲੋਕਤੰਤਰਿਕ ਪਰਿਪੱਕਤਾ ਦਿਖਾਉਂਦਾ ਹੈ। ਲਾਠੀਚਾਰਜ ਨਾਲ ਸੜਕ ਖਾਲੀ ਕਰਵਾਈ ਜਾ ਸਕਦੀ ਹੈ ਪਰ ਲੋਕਾਂ ਦੇ ਮਨ ਵਿੱਚ ਪੈਦਾ ਹੋਇਆ ਸਵਾਲ ਖ਼ਤਮ ਨਹੀਂ ਕੀਤਾ ਜਾ ਸਕਦਾ।

ਅਤੇ ਇੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਸਾਹਮਣੇ ਸਭ ਤੋਂ ਵੱਡਾ ਸਵਾਲ ਖੜ੍ਹਾ ਹੁੰਦਾ ਹੈ। ਸੱਤਾ ਲੋਕਾਂ ਵੱਲੋਂ ਮਿਲੀ ਹੈ, ਇਸ ਲਈ ਸੱਤਾ ਦਾ ਹੱਕ ਵੀ ਲੋਕਾਂ ਦੇ ਪ੍ਰਤੀ ਜਵਾਬਦੇਹੀ ਨਾਲ ਬੱਝਿਆ ਹੋਇਆ ਹੈ।

ਮੁੱਖ ਮੰਤਰੀ ਅਤੇ ਮੰਤਰੀ ਜੇ ਹਰ ਆਲੋਚਨਾ ਨੂੰ ਵਿਰੋਧੀ ਸਿਆਸਤ ਸਮਝਣ ਲੱਗ ਪੈਣ, ਹਰ ਵਿਰੋਧ ਨੂੰ ਸਾਜ਼ਿਸ਼ ਅਤੇ ਹਰ ਸਵਾਲ ਨੂੰ ਸਰਕਾਰ ਵਿਰੋਧੀ ਮੁਹਿੰਮ ਮੰਨਣ ਲੱਗ ਪੈਣ ਤਾਂ ਸਰਕਾਰ ਹੌਲੀ-ਹੌਲੀ ਲੋਕਾਂ ਤੋਂ ਦੂਰ ਅਤੇ ਆਪਣੇ ਹੀ ਪ੍ਰਚਾਰ ਦੇ ਘੇਰੇ ਵਿੱਚ ਕੈਦ ਹੋ ਜਾਂਦੀ ਹੈ।

ਇਹੀ ਉਹ ਪਲ ਹੁੰਦਾ ਹੈ ਜਦੋਂ ਲੋਕਤੰਤਰ ਬਾਹਰੋਂ ਤਾਂ ਜਿਉਂਦਾ ਦਿਖਾਈ ਦਿੰਦਾ ਹੈ ਪਰ ਅੰਦਰੋਂ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ।

ਅੱਜ ਪੰਜਾਬ ਨੂੰ ਸਭ ਤੋਂ ਵੱਧ ਲੋੜ ਕਿਸੇ ਨਵੀਂ ਸਰਕਾਰੀ ਸਕੀਮ ਦੀ ਨਹੀਂ ਸਗੋਂ ਸੰਸਥਾਗਤ ਇਮਾਨਦਾਰੀ ਦੀ ਹੈ।

ਚੋਣ ਕਮਿਸ਼ਨ ਹੋਵੇ ਤਾਂ ਨਿਰਪੱਖ ਹੋਵੇ
ਪ੍ਰਸ਼ਾਸਨ ਹੋਵੇ ਤਾਂ ਪਾਰਦਰਸ਼ੀ ਹੋਵੇ
ਸਰਕਾਰ ਹੋਵੇ ਤਾਂ ਜਵਾਬਦੇਹ ਹੋਵੇ
ਮੀਡੀਆ ਹੋਵੇ ਤਾਂ ਸਵਾਲ ਪੁੱਛਣ ਤੋਂ ਨਾ ਡਰੇ
ਅਤੇ ਵਿਰੋਧੀ ਆਵਾਜ਼ ਹੋਵੇ ਤਾਂ ਉਸ ਨੂੰ ਦੇਸ਼ ਜਾਂ ਸੂਬੇ ਦੇ ਵਿਰੋਧ ਵਜੋਂ ਨਹੀਂ ਲੋਕਤੰਤਰ ਦੇ ਕੁਦਰਤੀ ਹਿੱਸੇ ਵਜੋਂ ਦੇਖਿਆ ਜਾਵੇ।

ਕਿਉਂਕਿ ਲੋਕਤੰਤਰ ਦੀ ਸਭ ਤੋਂ ਵੱਡੀ ਪਛਾਣ ਇਹ ਨਹੀਂ ਕਿ ਸੱਤਾ ਕਿੰਨੀ ਤਾਕਤਵਰ ਹੈ। ਲੋਕਤੰਤਰ ਦੀ ਸਭ ਤੋਂ ਵੱਡੀ ਪਛਾਣ ਇਹ ਹੈ ਕਿ ਸੱਤਾ ਆਪਣੇ ਵਿਰੋਧੀ ਦੀ ਆਵਾਜ਼ ਨੂੰ ਕਿੰਨੀ ਥਾਂ ਦਿੰਦੀ ਹੈ।

ਜੇ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਰਜਿਸਟ੍ਰੇਸ਼ਨ ਲਈ ਇੰਤਜ਼ਾਰ ਕਰਨਾ ਪੈਂਦਾ ਹੈ, ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਦੀ ਚੋਣੀ ਪਛਾਣ ਨਾਲ ਜੁੜੇ ਸਵਾਲ ਲਟਕਦੇ ਹਨ।

ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਉੱਤੇ ਪ੍ਰਸ਼ਾਸਨਿਕ ਰੋਕਾਂ ਦੇ ਸਵਾਲ ਖੜ੍ਹੇ ਹੁੰਦੇ ਹਨ ਅਤੇ ਆਪਣੇ ਹੱਕਾਂ ਲਈ ਖੜ੍ਹੇ ਮੁਲਾਜ਼ਮਾਂ ਨੂੰ ਗੱਲਬਾਤ ਦੀ ਥਾਂ ਲਾਠੀ ਅਤੇ ਪਾਣੀ ਦੀਆਂ ਵਾਛੜਾਂ ਮਿਲਦੀਆਂ ਹਨ।

ਤਾਂ ਇਹਨਾਂ ਨੂੰ ਸਿਰਫ਼ ਵੱਖ-ਵੱਖ ਘਟਨਾਵਾਂ ਕਹਿ ਕੇ ਟਾਲਣਾ ਖ਼ਤਰਨਾਕ ਹੈ।

ਇਹ ਇੱਕੋ ਬਿਮਾਰੀ ਦੇ ਵੱਖ-ਵੱਖ ਲੱਛਣ ਵੀ ਹੋ ਸਕਦੇ ਹਨ। ਸੱਤਾ ਦਾ ਵਧਦਾ ਕੇਂਦਰੀਕਰਨ, ਅਸਹਿਮਤੀ ਪ੍ਰਤੀ ਬੇਸਹਾਰਾਪਣ ਅਤੇ ਸੰਸਥਾਵਾਂ ਦੀ ਨਿਰਪੱਖਤਾ ਉੱਤੇ ਘਟਦਾ ਭਰੋਸਾ।

ਅਤੇ ਇਸ ਲਈ ਅੱਜ ਸਵਾਲ ਸਰਕਾਰ ਤੋਂ ਹੀ ਨਹੀਂ, ਸਾਡੇ ਸਾਰੇ ਲੋਕਤੰਤਰਿਕ ਸਮਾਜ ਤੋਂ ਹੈ।

ਕੀ ਅਸੀਂ ਸਿਰਫ਼ ਸਰਕਾਰਾਂ ਬਦਲਣ ਵਾਲਾ ਲੋਕਤੰਤਰ ਚਾਹੁੰਦੇ ਹਾਂ ਜਾਂ ਅਜਿਹਾ ਲੋਕਤੰਤਰ ਵੀ ਚਾਹੁੰਦੇ ਹਾਂ ਜੋ ਸਰਕਾਰ ਨੂੰ ਵੀ ਸੰਵਿਧਾਨ ਦੇ ਸਾਹਮਣੇ ਜਵਾਬਦੇਹ ਰੱਖੇ?

~ ਹਰਪ੍ਰੀਤ ਸਿੰਘ ਕਾਹਲੋਂ

2 weeks ago | [YT] | 17

Adbi Baithak

ਬਟਵਾਰਾ 1947: ਜਦੋਂ ਸਾਂਝ ਨੂੰ ਸੈਕੁਲਰਿਜ਼ਮ ਨਹੀਂ, ਸੁਹੱਪਣ ਕਿਹਾ ਜਾਂਦਾ ਸੀ

ਜਿਹੜੇ ਲੋਕ ਸਦੀਆਂ ਤੋਂ ਇੱਕੋ ਸ਼ਹਿਰ ਇੱਕ ਪਿੰਡ ਵਿੱਚ ਰਹਿੰਦੇ ਆਏ ਸਨ,
ਇੱਕੋ ਗਲੀ
ਇੱਕੋ ਖੂਹ
ਇੱਕੋ ਬਾਜ਼ਾਰ
ਇੱਕੋ ਮੇਲੇ
ਅਤੇ ਇੱਕੋ ਯਾਦਾਂ ਵਿੱਚ
ਉਨ੍ਹਾਂ ਨੂੰ ਇੱਕ ਦਿਨ ਕਿਸ ਨੇ ਸਮਝਾਇਆ ਹੋਵੇਗਾ ਕਿ ਹੁਣ ਇਹ ਘਰ ਤੁਹਾਡਾ ਨਹੀਂ?

1947 ਨੂੰ ਸਮਝਣ ਲਈ ਸ਼ਾਇਦ ਇਤਿਹਾਸ ਦੀਆਂ ਕਿਤਾਬਾਂ ਨਾਲੋਂ ਵੱਧ ਉਹਨਾਂ ਘਰਾਂ ਦੀਆਂ ਖ਼ਾਮੋਸ਼ੀਆਂ ਸੁਣਨੀਆਂ ਪੈਣਗੀਆਂ, ਜਿਨ੍ਹਾਂ ਦੇ ਦਰਵਾਜ਼ੇ ਇੱਕ ਰਾਤ ਬੰਦ ਹੋਏ ਅਤੇ ਫਿਰ ਕਦੇ ਨਾ ਖੁੱਲ੍ਹੇ।

ਉਹਨਾਂ ਮਾਵਾਂ ਦੀਆਂ ਅੱਖਾਂ ਵੇਖਣੀਆਂ ਪੈਣਗੀਆਂ ਜਿਨ੍ਹਾਂ ਦੇ ਪੁੱਤਰ ਲਕੀਰ ਦੇ ਦੂਜੇ ਪਾਸੇ ਰਹਿ ਗਏ। ਉਹਨਾਂ ਭੈਣਾਂ ਦੀ ਉਡੀਕ ਸਮਝਣੀ ਪਵੇਗੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਭਰਾ ਜ਼ਿੰਦਾ ਵੀ ਹੈ ਜਾਂ ਨਹੀਂ।

ਇਸੇ ਕਰਕੇ ਬਟਵਾਰਾ 1947 ਮੇਰੇ ਲਈ ਸਿਰਫ਼ ਵੰਡ ਬਾਰੇ ਬਣੀ ਇੱਕ ਫ਼ਿਲਮ ਨਹੀਂ। ਇਹ ਉਸ ਮਨੁੱਖੀ ਸੁਹੱਪਣ ਦੀ ਤਲਾਸ਼ ਹੈ, ਜੋ ਨਫ਼ਰਤ ਦੇ ਸਭ ਤੋਂ ਭਿਆਨਕ ਸਮੇਂ ਵਿੱਚ ਵੀ ਕਿਤੇ ਨਾ ਕਿਤੇ ਬਚਿਆ ਰਹਿ ਗਿਆ ਸੀ।

ਅਤੇ ਇੱਥੇ ਆ ਕੇ ਮਨੋਜ ਮੁੰਤਸ਼ਿਰ ਦੀ ਉਹ ਵਿਆਖਿਆ ਯਾਦ ਆਉਂਦੀ ਹੈ, ਜਿਸ ਵਿੱਚ ਉਸਨੂੰ ਪੁਰਾਣੀਆਂ ਹਿੰਦੀ ਫ਼ਿਲਮਾਂ ਦੇ ਉਹ ਦ੍ਰਿਸ਼ ਇਤਰਾਜ਼ਯੋਗ ਲੱਗਦੇ ਹਨ, ਜਿੱਥੇ ਕੋਈ ਹਿੰਦੂ ਈਦ ਦੇ ਦਿਨ ਮੁਸਲਮਾਨ ਦੇ ਘਰ ਜਾ ਕੇ ਮਿਠਾਈ ਖਾਂਦਾ ਹੈ ਜਾਂ ਦੂਜੇ ਧਰਮ ਦੇ ਤਿਉਹਾਰ ਵਿੱਚ ਸ਼ਾਮਲ ਹੁੰਦਾ ਹੈ। ਉਸਦੀ ਨਜ਼ਰ ਵਿੱਚ ਸ਼ਾਇਦ ਇਹ ਆਪਣੇ ਧਰਮ ਦੀਆਂ ਜੜ੍ਹਾਂ ਤੋਂ ਬੰਦੇ ਨੂੰ ਤੋੜਨ ਵਾਲੀ ਕੋਈ ਸੈਕੁਲਰ ਕੰਡੀਸ਼ਨਿੰਗ ਹੈ।

ਪਰ ਗੱਲ ਇੰਨੀ ਸਿੱਧੀ ਹੈ ਕਿ ਇਸਨੂੰ ਸਮਝਣ ਲਈ ਇੰਨੀ ਵੱਡੀ ਵਿਆਖਿਆ ਦੀ ਲੋੜ ਹੀ ਨਹੀਂ।ਆਪਣੇ ਧਰਮ ਵਿੱਚ ਰਹਿੰਦਿਆਂ ਦੂਜੇ ਦੇ ਧਰਮ ਦਾ ਸਤਿਕਾਰ ਕਰਨਾ ਧਰਮ-ਭ੍ਰਸ਼ਟ ਹੋਣਾ ਨਹੀਂ ਹੁੰਦਾ।

ਕਿਸੇ ਦੇ ਘਰ ਈਦ ਦੀ ਸੇਵੀਂਆਂ ਖਾ ਆਉਣਾ ਆਪਣੇ ਧਰਮ ਨੂੰ ਛੱਡ ਆਉਣਾ ਨਹੀਂ। ਕਿਸੇ ਦੇ ਦੀਵਾਲੀ ਦੇ ਦੀਵੇ ਵਿੱਚ ਆਪਣੀ ਹਾਜ਼ਰੀ ਪਾ ਦੇਣਾ ਆਪਣੀ ਆਸਥਾ ਨੂੰ ਬੁਝਾਉਣਾ ਨਹੀਂ। ਕਿਸੇ ਦੇ ਤਿਉਹਾਰ ਦੀ ਖੁਸ਼ੀ ਵਿੱਚ ਸ਼ਰੀਕ ਹੋਣਾ ਆਪਣੇ ਧਰਮ ਦੀ ਹਾਰ ਨਹੀਂ, ਆਪਣੇ ਅੰਦਰਲੇ ਇਨਸਾਨ ਦੀ ਜਿੱਤ ਹੁੰਦੀ ਹੈ।

ਇਹੀ ਤਾਂ ਸਾਡੀ ਸਾਂਝੀ ਤਹਿਜ਼ੀਬ ਦਾ ਸੁਹੱਪਣ ਸੀ।

ਮਨੋਜ ਮੁੰਤਸ਼ਿਰ ਦੀ ਮੁਸ਼ਕਲ ਸ਼ਾਇਦ ਇਹ ਹੈ ਕਿ ਉਹ ਇਸ ਸੁਹੱਪਣ ਨੂੰ ਸੈਕੁਲਰ ਪ੍ਰਾਜੈਕਟ ਵਾਂਗ ਪੜ੍ਹਦੇ ਹਨ, ਜਦੋਂ ਕਿ ਪੰਜਾਬ ਦੀ ਮਿੱਟੀ ਵਿੱਚ ਇਹ ਕੋਈ ਪ੍ਰਾਜੈਕਟ ਨਹੀਂ ਜੀਵਨ ਦਾ ਸੁਭਾਅ ਰਿਹਾ ਹੈ।

ਹੁਣ ਜੇ ਉਹ ਬਟਵਾਰਾ 1947 ਵੇਖਣ ਤਾਂ ਸ਼ਾਇਦ ਉਨ੍ਹਾਂ ਦੀ ਵਿਆਖਿਆ ਦੇ ਸਾਹਮਣੇ ਇੱਕ ਨਵਾਂ ਸਵਾਲ ਖੜ੍ਹਾ ਹੋਵੇਗਾ।

ਕਿਉਂਕਿ ਫ਼ਿਲਮ ਵਿੱਚ ਇੱਕ ਮੁਸਲਮਾਨ, ਇੱਕ ਹਿੰਦੂ ਬੀਬੀ ਦੀ ਕ੍ਰਿਸ਼ਨ ਦੀ ਮੂਰਤੀ ਅੱਗੇ ਦੀਵਾ ਬਾਲਦਾ ਹੈ। ਉਹ ਦੀਵਾਲੀ ਦੀ ਖੁਸ਼ੀ ਵਿੱਚ ਸ਼ਾਮਲ ਹੁੰਦਾ ਹੈ।

ਹੁਣ ਮਨੋਜ ਜੀ ਕੀ ਕਹਿਣਗੇ?

ਕੀ ਰਾਜਕੁਮਾਰ ਸੰਤੋਸ਼ੀ ਨੇ ਇਹ ਦ੍ਰਿਸ਼ ਜਾਣ-ਬੁੱਝ ਕੇ ਕਿਸੇ ਸੈਕੁਲਰ ਏਜੰਡੇ ਤਹਿਤ ਪਾਇਆ ਹੈ? ਜਾਂ ਅਸਗਰ ਵਜਾਹਤ ਨੇ ਆਪਣੇ ਨਾਟਕ ਵਿੱਚ ਇਹ ਦ੍ਰਿਸ਼ ਇਸ ਲਈ ਲਿਖਿਆ ਹੈ ਕਿ ਇੱਕ ਮੁਸਲਮਾਨ ਨੂੰ ਹਿੰਦੂ ਬਣਾਉਣਾ ਸੀ?

ਨਹੀਂ, ਉਹ ਤਾਂ ਸਿਰਫ਼ ਇੱਕ ਮਨੁੱਖ ਨੂੰ ਮਨੁੱਖ ਰਹਿਣ ਦੇ ਰਹੇ ਹਨ। ਹਾਂ ਇਹ ਜ਼ਰੂਰ ਹੈ ਕਿ ਅਸਗਰ ਦਾ ਨਾਟਕ 1989 ਦਾ ਹੈ। ਜਿਸ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ ਅਤੇ ਰਾਜ ਕੁਮਾਰ ਸੰਤੋਸ਼ੀ ਦਾ ਕਹਾਣੀ ਕਹਿਣ ਦਾ ਰੰਗ ਢੰਗ ਅੰਦਾਜ਼ ਤਰਤੀਬ ਵੀ ਪੁਰਾਣੀ ਹੈ। ਫਿਲਮ ਨਾਟਕ ਵਰਗੀ ਤੁਰਦੀ ਹੈ ਅਤੇ ਸੈੱਟ ਅਤੇ ਦਿੱਖ ਤੋਂ ਵੀ ਸੁਭਾਕੀ ਨਹੀਂ ਲੱਗਦੀ। ਇਸ ਬਾਰੇ ਗੱਲ ਵੱਖਰੀ ਹੋ ਸਕਦੀ ਹੈ।

ਕਹਾਣੀ ਚੰਗੀ ਹੈ ਪਰ ਅੰਦਾਜ਼ ਨਾਟਕ ਦੇ ਨੇੜੇ ਅਤੇ ਕਹਾਣੀ ਕਹਿਣ ਦਾ ਢੰਗ ਪੁਰਾਣੀ ਸ਼ੈਲੀ ਦਾ ਹੈ। ਸ਼ਾਇਦ ਇਸ ਕਰਕੇ ਬਟਵਾਰਾ 1947 ਲੋਕਾਂ ਨੂੰ ਖਿੱਚਦੀ ਨਹੀਂ। ਦੂਜਾ ਇਹ ਦੌਰ ਅਤਿ ਰਾਸ਼ਟਰਵਾਦ ਦਾ ਹੈ।

ਵੰਦੇ ਮਾਤਰਮ ਦੇ ਕਿੰਨੇ ਅੰਤਰੇ ਹਨ ਦੀ ਗਿਣਤੀ ਹੈ। ਲੰਮਾ ਤਾਂ ਜਨ ਗਨ ਮਨ ਵੀ ਹੈ ਪਰ ਪਹਿਲਾਂ ਹਿੱਸਾ ਹੀ ਗਾਇਆ ਜਾਂਦਾ ਹੈ।

ਖੈਰ
ਅਸੀਂ ਮਨੁੱਖ ਦੇ ਅੰਦਰਲੇ ਸੁਹੱਪਣ ਨੂੰ ਇੰਨੀ ਵਿਚਾਰਧਾਰਾ ਦੀਆਂ ਐਨਕਾਂ ਨਾਲ ਵੇਖਣ ਲੱਗ ਪਏ ਹਾਂ ਕਿ ਸਹਿਜਤਾ ਵੀ ਸਾਨੂੰ ਸਾਜ਼ਿਸ਼ ਦਿਖਾਈ ਦੇਣ ਲੱਗੀ ਹੈ।

ਮਨੋਜ ਮੁੰਤਸ਼ਿਰ ਨੂੰ ਸ਼ਾਇਦ ਪੰਜਾਬ ਆ ਕੇ ਇਸ ਮਿੱਟੀ ਨੂੰ ਪੜ੍ਹਨਾ ਚਾਹੀਦਾ ਹੈ।

ਉਸ ਪੰਜਾਬ ਨੂੰ ਜਿੱਥੇ ਹਰਿਮੰਦਰ ਸਾਹਿਬ ਦੀ ਨੀਂਹ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਤੋਂ ਰਖਵਾਈ। ਕੀ ਗੁਰੂ ਅਰਜਨ ਦੇਵ ਜੀ ਨੇ ਇਸ ਨਾਲ ਸਿੱਖੀ ਦੀਆਂ ਜੜ੍ਹਾਂ ਕਮਜ਼ੋਰ ਕੀਤੀਆਂ ਸਨ?

ਉਸ ਪੰਜਾਬ ਨੂੰ ਜਿੱਥੇ ਪੀਰ ਬੁੱਧੂ ਸ਼ਾਹ ਆਪਣੇ ਪੁੱਤਰਾਂ ਸਮੇਤ ਗੁਰੂ ਗੋਬਿੰਦ ਸਿੰਘ ਜੀ ਦੀ ਨਾਲ ਖੜ੍ਹੇ ਹੋਏ ਅਤੇ ਸ਼ਹੀਦੀਆਂ ਦਿੱਤੀਆਂ। ਕੀ ਗੁਰੂ ਸਾਹਿਬ ਨੇ ਪੀਰ ਬੁੱਧੂ ਸ਼ਾਹ ਨੂੰ ਮੁਸਲਮਾਨ ਰਹਿਣ ਤੋਂ ਰੋਕਿਆ ਸੀ?

ਨਹੀਂ, ਉਹ ਮੁਸਲਮਾਨ ਹੀ ਰਹੇ ਪਰ ਗੁਰੂ ਸਾਹਿਬ ਦੇ ਪਿਆਰੇ ਬਣੇ ਰਹੇ।

ਇਹ ਪੰਜਾਬ ਦੀ ਵੱਡੀ ਸਿੱਖਿਆ ਹੈ। ਤੁਹਾਨੂੰ ਆਪਣੀ ਆਸਥਾ ਨਾਲ ਪਿਆਰ ਕਰਨ ਲਈ ਦੂਜੇ ਦੀ ਆਸਥਾ ਨਾਲ ਨਫ਼ਰਤ ਕਰਨੀ ਜ਼ਰੂਰੀ ਨਹੀਂ।

ਇਹੀ ਗੱਲ ਭਗਤ ਭੀਖਣ ਸ਼ਾਹ ਦੀਆਂ ਯਾਤਰਾਵਾਂ ਵਿੱਚੋਂ ਵੀ ਨਜ਼ਰ ਆਉਂਦੀ ਹੈ, ਜਿੱਥੇ ਧਰਮ ਦੀਆਂ ਹੱਦਾਂ ਮਨੁੱਖ ਦੇ ਪੈਰਾਂ ਨੂੰ ਰੋਕ ਨਹੀਂ ਸਕੀਆਂ। ਇਸ ਧਰਤੀ ਨੇ ਸਦੀਆਂ ਤੋਂ ਇੱਕ ਦੂਜੇ ਦੇ ਦਰਾਂ ਉੱਤੇ ਮੱਥੇ ਟੇਕੇ ਹਨ। ਇੱਥੇ ਕਿਸੇ ਦੇ ਦਰ ’ਤੇ ਜਾਣਾ ਆਪਣਾ ਦਰ ਛੱਡਣਾ ਨਹੀਂ ਸੀ।

ਫਿਰ ਅੱਜ ਅਸੀਂ ਇੰਨੇ ਡਰੇ ਹੋਏ ਕਿਉਂ ਹਾਂ?

ਕਿਉਂ ਸਾਨੂੰ ਲੱਗਣ ਲੱਗ ਪਿਆ ਹੈ ਕਿ ਜੇ ਮੇਰੇ ਧਰਮ ਦਾ ਬੰਦਾ ਦੂਜੇ ਧਰਮ ਦੇ ਤਿਉਹਾਰ ਵਿੱਚ ਖੁਸ਼ ਹੋਇਆ ਤਾਂ ਉਹ ਆਪਣੇ ਧਰਮ ਤੋਂ ਦੂਰ ਹੋ ਜਾਵੇਗਾ?

ਇਹ ਧਰਮ ਦੀ ਰੱਖਿਆ ਨਹੀਂ। ਇਹ ਧਰਮ ਦੀ ਇੱਕ ਬਹੁਤ ਹੀ ਸੰਕੀਰਨ ਵਿਆਖਿਆ ਹੈ ਅਤੇ ਇਸ ਸੰਕੀਰਨਤਾ ਦਾ ਸਭ ਤੋਂ ਵੱਡਾ ਨੁਕਸਾਨ ਕਲਾ ਅਤੇ ਜ਼ਿੰਦਗੀ ਨੂੰ ਹੋ ਰਿਹਾ ਹੈ।ਅਸੀਂ ਬੇਸੁੱਧ ਬੇਹੋਸ਼ ਜੌਂਬੀ ਬਣਦੇ ਜਾ ਰਹੇ ਹਾਂ।

ਇਸੇ ਲਈ ਬਟਵਾਰਾ 1947, ਮੈਂ ਵਾਪਸ ਆਊਂਗਾ ਜਾਂ ਸ਼੍ਰੀਰਾਮ ਰਾਘਵਣ ਦੀ ਇੱਕੀਸ ਵਰਗੀਆਂ ਫ਼ਿਲਮਾਂ ਇਸ ਸਮੇਂ ਦੀ ਬੇਚੈਨੀ ਵਿੱਚ ਇੱਕ ਵੱਖਰੀ ਆਵਾਜ਼ ਲੱਗਦੀਆਂ ਹਨ।

ਇਹ ਫ਼ਿਲਮਾਂ ਸਾਨੂੰ ਕਿਸੇ ਕੌਮ ਦੇ ਵਿਰੁੱਧ ਖੜ੍ਹਾ ਕਰਨ ਦੀ ਬਜਾਏ ਮਨੁੱਖ ਦੇ ਅੰਦਰਲੇ ਹਨੇਰੇ ਅਤੇ ਚਾਨਣ ਵੱਲ ਵੇਖਦੀਆਂ ਹਨ।

ਇਸ ਦੇ ਮੁਕਾਬਲੇ ਜਦੋਂ ਕੇਰਲਾ ਸਟੋਰੀ ਜਾਂ ਧੁਰੰਧਰ ਵਰਗੇ ਵਿਸ਼ਿਆਂ ਨੂੰ ਅਜਿਹੀ ਸੰਕੀਰਨਤਾ ਵਿੱਚ ਪੇਸ਼ ਕੀਤਾ ਜਾਂਦਾ ਹੈ, ਜਿੱਥੇ ਇੱਕ ਗੁੰਝਲਦਾਰ ਸਮਾਜਕ ਹਕੀਕਤ ਨੂੰ ਇੱਕੋ ਰੰਗ ਵਿੱਚ ਰੰਗ ਦਿੱਤਾ ਜਾਂਦਾ ਹੈ, ਤਾਂ ਸਵਾਲ ਸਿਰਫ਼ ਫ਼ਿਲਮ ਦਾ ਨਹੀਂ ਰਹਿੰਦਾ।

ਸਵਾਲ ਇਹ ਹੁੰਦਾ ਹੈ ਕਿ ਅਸੀਂ ਆਪਣੇ ਸਮੇਂ ਦੀ ਕਿਹੜੀ ਮਾਨਸਿਕਤਾ ਨੂੰ ਕਲਾ ਰਾਹੀਂ ਮਜ਼ਬੂਤ ਕਰ ਰਹੇ ਹਾਂ ?

ਕਲਾ ਜੇ ਡਰ ਨੂੰ ਹੋਰ ਡਰ ਵਿੱਚ ਬਦਲ ਦੇਵੇ ਤਾਂ ਉਹ ਸਿਰਫ਼ ਕਹਾਣੀ ਨਹੀਂ ਸੁਣਾ ਰਹੀ। ਉਹ ਸਮਾਜ ਦੀ ਯਾਦ ਵੀ ਤਰਾਸ਼ ਰਹੀ ਹੈ।ਸੋ ਮਾੜੀ ਨਾਲੋਂ ਸਬਕ ਲੈਂਦਿਆਂ ਯਾਦ ਵਿੱਚੋਂ ਬੇਹਤਰ ਦਾ ਉਸਰਣਾ ਬਹੁਤ ਜ਼ਰੂਰੀ ਹੈ।

ਇਸੇ ਕਰਕੇ ਸੈਂਸਰ ਨੂੰ ਵੀ ਇਹ ਸਮਝਣਾ ਪਵੇਗਾ ਕਿ ਹਿੰਸਾ ਅਤੇ ਮਨੁੱਖੀ ਤ੍ਰਾਸਦੀ ਨੂੰ ਦਿਖਾਉਣਾ ਆਪਣੇ ਆਪ ਵਿੱਚ ਨੈਤਿਕ ਖ਼ਤਰਾ ਨਹੀਂ। ਕਈ ਵਾਰ ਅਸਲ ਖ਼ਤਰਾ ਉਸ ਕਹਾਣੀ ਵਿੱਚ ਹੁੰਦਾ ਹੈ ਜੋ ਨਫ਼ਰਤ ਨੂੰ ਸਹਿਜ ਬਣਾ ਦੇਵੇ।

ਬਟਵਾਰਾ 1947 ਨੂੰ A ਸਰਟੀਫਿਕੇਟ ਦੇਣ ਦੀ ਗੱਲ ਵੀ ਇਸੇ ਲਈ ਅਜੀਬ ਲੱਗਦੀ ਹੈ। ਖ਼ਾਸ ਕਰਕੇ ਜਦੋਂ ਇਸਦੇ ਨਾਲ ਹੀ ਰਿਲੀਜ਼ ਹੋਈ ਕਿਸੇ ਹੋਰ ਫ਼ਿਲਮ ਨੂੰ UA ਮਿਲਦਾ ਹੈ।

ਜੇ ਇੱਕ ਫ਼ਿਲਮ ਦਰਸ਼ਕ ਨੂੰ ਇਤਿਹਾਸ ਦੀ ਪੀੜ੍ਹਾ ਅਤੇ ਮਨੁੱਖੀ ਤ੍ਰਾਸਦੀ ਦੇ ਸਾਹਮਣੇ ਖੜ੍ਹਾ ਕਰਦੀ ਹੈ, ਤਾਂ ਉਸਦੀ ਉਮਰ-ਵਰਗੀਕਰਨ ਦੀ ਸੂਝ ਵੀ ਉਸੇ ਸੰਵੇਦਨਸ਼ੀਲਤਾ ਨਾਲ ਹੋਣੀ ਚਾਹੀਦੀ ਹੈ।

ਰਾਜਕੁਮਾਰ ਸੰਤੋਸ਼ੀ ਦਾ ਸਿਨੇਮਾ ਇੱਥੇ ਆਪਣੀ ਚਮਕ ਨਾਲ ਨਹੀਂ, ਆਪਣੀ ਸਾਦਗੀ ਨਾਲ ਕੰਮ ਕਰਦਾ ਹੈ। ਅਸਗਰ ਵਜਾਹਤ ਦੀ ਨਾਟਕੀ ਰੂਹ ਦੇ ਨੇੜੇ ਜਾਂਦੀ ਕਹਾਣੀ, ਪੁਰਾਣੇ ਦੌਰ ਦੀ ਕਥਾ-ਵਾਚਕ ਪੇਸ਼ਕਾਰੀ, ਸੰਨੀ ਦਿਓਲ ਦੀ ਮੌਜੂਦਗੀ, ਆਮਿਰ ਖ਼ਾਨ ਦੀ ਪ੍ਰੋਡਕਸ਼ਨ ਅਤੇ ਏ. ਆਰ. ਰਹਿਮਾਨ ਦਾ ਸੰਵੇਦਨਸ਼ੀਲ ਸੰਗੀਤ

ਹਾਂ ਔਰਤਾਂ ਦੀਆਂ ਉਹ ਕਹਾਣੀਆਂ ਹਨ, ਜਿਨ੍ਹਾਂ ਤੋਂ ਬਿਨਾਂ ਬਟਵਾਰੇ ਦੀ ਕਹਾਣੀ ਅਧੂਰੀ ਹੈ।

ਸ਼ੇਖੂਪੁਰਾ ਅਤੇ ਪੰਜਾਬ ਦੇ ਅਣਗਿਣਤ ਪਿੰਡਾਂ ਵਿੱਚ ਹਮਲਿਆਂ ਦੇ ਦਰਮਿਆਨ ਕਿੰਨੀਆਂ ਬੀਬੀਆਂ, ਕਿੰਨੀਆਂ ਨੌਜਵਾਨ ਕੁੜੀਆਂ ਨੇ ਆਪਣੀ ਪੱਤ ਬਚਾਉਣ ਲਈ ਆਪਣੇ ਆਪ ਨੂੰ ਮੌਤ ਦੇ ਹਵਾਲੇ ਕਰ ਦਿੱਤਾ। ਪਿੰਜਰ ਅਤੇ ਖ਼ਾਮੋਸ਼ ਪਾਣੀ ਵਰਗੀਆਂ ਰਚਨਾਵਾਂ ਇਸੇ ਦਰਦ ਦੇ ਪਰਛਾਵੇਂ ਹਨ।

ਅਤੇ ਫਿਰ ਵੀ ਇਸ ਸਾਰੇ ਖ਼ੂਨ ਦੇ ਵਿਚਕਾਰ ਕੁਝ ਲੋਕ ਸਨ ਜੋ ਮਨੁੱਖ ਨੂੰ ਮਨੁੱਖ ਵਜੋਂ ਵੇਖ ਰਹੇ ਸਨ। ਇਹੋ ਧਰਮ ਦਾ ਮੂਲ ਸੀ ਜੋ ਸੰਤਾਲੀ ਵੇਲੇ ਭੁੱਲਿਆ ਗਿਆ।

ਅੰਮ੍ਰਿਤਸਰ ਤੋਂ ਹਰਭਜਨ ਸਿੰਘ ਬਰਾੜ ਵਰਗੇ ਲੋਕਾਂ ਵੱਲੋਂ ਵਿਛੜੇ ਪਰਿਵਾਰਾਂ ਨੂੰ ਮੁੜ ਮਿਲਾਉਣ ਦੀਆਂ ਕਹਾਣੀਆਂ ਇਸ ਗੱਲ ਦੀ ਗਵਾਹ ਹਨ ਕਿ ਸਰਹੱਦਾਂ ਨੇ ਰਿਸ਼ਤੇ ਤੋੜੇ ਸਨ, ਮਿਟਾਏ ਨਹੀਂ।

80 ਸਾਲ ਬਾਅਦ ਪਹਿਲੀ ਪੀੜ੍ਹੀ ਦੇ ਗਵਾਹ ਮੁੱਕ ਰਹੇ ਹਨ। ਹੁਣ ਉਨ੍ਹਾਂ ਦੀਆਂ ਆਵਾਜ਼ਾਂ ਸਾਡੀ ਯਾਦਾਂ ਵਿੱਚ ਬਚੀਆਂ ਹਨ। ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰ ਦੀ ਤਾਂਘ ਵਿੱਚ ਬਚੀਆਂ ਹਨ।

ਵਿਛੜੇ ਘਰਾਂ ਦੇ ਨਾਂਵਾਂ ਵਿੱਚ ਬਚੀਆਂ ਹਨ ਅਤੇ ਸ਼ਾਇਦ ਉਹਨਾਂ ਕਹਾਣੀਆਂ ਵਿੱਚ ਵੀ, ਜਿੱਥੇ ਇੱਕ ਮੁਸਲਮਾਨ ਕਿਸੇ ਹਿੰਦੂ ਦੇ ਘਰ ਦੀਵਾ ਬਾਲਦਾ ਹੈ।

ਇਹ ਦ੍ਰਿਸ਼ ਕਿਸੇ ਧਰਮ ਨੂੰ ਤੋੜਦਾ ਨਹੀਂ।ਇਹ ਮਨੁੱਖ ਨੂੰ ਜੋੜਦਾ ਹੈ।

ਅਤੇ ਜੇ ਮਨੋਜ ਮੁੰਤਸ਼ਿਰ ਅੱਜ ਬਟਵਾਰਾ 1947 ਵੇਖਣ ਤਾਂ ਸ਼ਾਇਦ ਉਨ੍ਹਾਂ ਦੀ ਆਤਮਾ ਨੂੰ ਕੁਝ ਠੰਡ ਪਵੇ। ਕਿਉਂਕਿ ਜਿਸ ਗੱਲ ਉੱਤੇ ਉਹ ਕਦੇ ਇਤਰਾਜ਼ ਕਰਦੇ ਰਹੇ, ਉਹੀ ਗੱਲ ਇੱਥੇ ਇਤਿਹਾਸ ਦੇ ਇੱਕ ਅਜਿਹੇ ਪਲ ਵਿੱਚ ਸਾਹਮਣੇ ਆਉਂਦੀ ਹੈ ਜਿੱਥੇ ਧਰਮ ਆਪਣੇ ਮੂਲ ਨਾਲ, ਮਨੁੱਖਤਾ ਨਾਲ ਪਛਾਣ ਕਰਵਾਉਂਦਾ ਹੈ।

ਆਪਣੇ ਮੂਲ ਵਿੱਚ ਟਿਕੇ ਰਹਿਣਾ ਅਤੇ ਦੂਜੇ ਦੇ ਮੂਲ ਦਾ ਸਤਿਕਾਰ ਕਰਨਾ, ਇਹ ਦੋਵੇਂ ਗੱਲਾਂ ਇਕੱਠੀਆਂ ਚੱਲ ਸਕਦੀਆਂ ਹਨ।

ਪੰਜਾਬ ਨੇ ਇਹ ਸਦੀਆਂ ਪਹਿਲਾਂ ਸਿੱਖ ਲਿਆ ਸੀ। ਹੁਣ ਸ਼ਾਇਦ ਸਾਨੂੰ ਫਿਰ ਤੋਂ ਸਿੱਖਣ ਦੀ ਲੋੜ ਹੈ।

~ ਹਰਪ੍ਰੀਤ ਸਿੰਘ ਕਾਹਲੋਂ

2 weeks ago | [YT] | 12

Adbi Baithak

ਜੁਦਾ: ਮੁਹੱਬਤ, ਯਾਦ ਅਤੇ ਇਕ ਅਧੂਰਾ ਕਲਾਈਮੈਕਸ

ਮੁਹੱਬਤ ਦੀਆਂ ਕਹਾਣੀਆਂ ਜਦੋਂ ਸਿਨੇਮੇ ਦੇ ਪਰਦੇ ਉੱਤੇ ਉਤਰਦੀਆਂ ਹਨ ਤਾਂ ਉਹ ਇਕ ਖਾਸ ਉਮਰ ਦੇ ਨੌਜਵਾਨਾਂ ਨੂੰ ਹੀ ਨਹੀਂ, ਸਾਡੇ ਅੰਦਰ ਵੱਸੇ ਉਸ ਹਿੱਸੇ ਨੂੰ ਵੀ ਹਲੂਣਦੀਆਂ ਹਨ, ਜਿਸ ਨੇ ਕਦੇ ਕਿਸੇ ਨੂੰ ਚਾਹਿਆ ਹੁੰਦਾ ਹੈ, ਕਿਸੇ ਦੀ ਉਡੀਕ ਕੀਤੀ ਹੁੰਦੀ ਹੈ ਜਾਂ ਕਿਸੇ ਵਿਛੋੜੇ ਨੂੰ ਆਪਣੇ ਅੰਦਰ ਸੰਭਾਲਿਆ ਹੁੰਦਾ ਹੈ।

ਸ਼ਾਇਦ ਇਸੇ ਲਈ ਸਿਨੇਮੇ ਦੇ ਇਤਿਹਾਸ ਵਿੱਚ ਕਈ ਅਦਾਕਾਰਾਂ ਦੀ ਪਹਿਲੀ ਫਿਲਮ ਪ੍ਰੇਮ ਕਹਾਣੀ ਰਹੀ ਹੈ। ਸੰਨੀ ਦਿਓਲ ਦੀ ਬੇਤਾਬ, ਆਮਿਰ ਖਾਨ ਦੀ ਕਿਆਮਤ ਸੇ ਕਿਆਮਤ ਤੱਕ, ਸਲਮਾਨ ਖਾਨ ਦੀ ਮੈਂਨੇ ਪਿਆਰ ਕੀਆ ਅਤੇ ਰਿਤਿਕ ਰੋਸ਼ਨ ਦੀ ਕਹੋ ਨਾ ਪਿਆਰ ਹੈ। ਇਹ ਸਿਰਫ਼ ਫਿਲਮਾਂ ਨਹੀਂ ਸਨ, ਆਪਣੇ-ਆਪਣੇ ਸਮੇਂ ਦੇ ਨੌਜਵਾਨ ਮਨ ਦੀ ਧੜਕਣ ਸਨ।

ਪਰ ਪੰਜਾਬ ਵਿੱਚ ਮੁਹੱਬਤ ਦੀ ਕਹਾਣੀ ਸਿਨੇਮੇ ਤੋਂ ਕਿਤੇ ਪੁਰਾਣੀ ਹੈ। ਸਾਡੇ ਕੋਲ ਸਿਨੇਮਾ ਆਉਣ ਤੋਂ ਸਦੀਆਂ ਪਹਿਲਾਂ ਹੀ ਦਮੋਦਰ ਦੀ ਹੀਰ, ਵਾਰਿਸ ਦੀ ਹੀਰ, ਸੱਸੀ-ਪੁੰਨੂੰ, ਸੋਹਣੀ-ਮਹੀਵਾਲ ਵਰਗੇ ਕਿੱਸੇ ਲੋਕ-ਚੇਤਨਾ ਦਾ ਹਿੱਸਾ ਬਣ ਚੁੱਕੇ ਸਨ। ਪੰਜਾਬੀ ਸਮਾਜ ਨੇ ਮੁਹੱਬਤ ਨੂੰ ਸਿਰਫ਼ ਦੋ ਵਿਅਕਤੀਆਂ ਦੀ ਕਹਾਣੀ ਵਜੋਂ ਨਹੀਂ, ਸਗੋਂ ਸਮਾਜ, ਪਰਿਵਾਰ, ਜਾਤ, ਅਣਖ ਅਤੇ ਸੱਤਾ ਨਾਲ ਟਕਰਾਉਂਦੀ ਇਕ ਮਨੁੱਖੀ ਲੋੜ ਵਜੋਂ ਵੀ ਦੇਖਿਆ ਹੈ।

ਇਸੇ ਲੰਮੀ ਪਰੰਪਰਾ ਦੇ ਇਕ ਆਧੁਨਿਕ ਪੜਾਅ ਵਜੋਂ ਜੂਦਾ ਨੂੰ ਦੇਖਣਾ ਦਿਲਚਸਪ ਹੈ। ਰਿਧਮ ਬੁਆਏਜ਼ ਜਦੋਂ ਆਪਣੀ ਅਗਲੀ ਪੀੜ੍ਹੀ ਨੂੰ ਸਿਨੇਮੇ ਵਿੱਚ ਲਿਆਉਂਦਾ ਹੈ ਤਾਂ ਉਹ ਵੀ ਪ੍ਰੇਮ ਕਹਾਣੀ ‘ਬੋਲ ਭਾਂਵੇ ਨਾ ਬੋਲ’ ਦੇ ਰਾਹ ਤੋਂ ਹੀ ਸ਼ੁਰੂ ਕਰਦਾ ਹੈ।

ਇਸ ਤੋਂ ਪਹਿਲਾਂ ਅੰਬਰਦੀਪ ਸਿੰਘ ਨੇ ਵੀ ਆਪਣੇ ਪੁੱਤਰ ਨੂੰ ਮਿੱਠੜੇ ਰਾਹੀਂ ਸਿਨੇਮੇ ਦੇ ਸੰਸਾਰ ਵਿੱਚ ਲਿਆਂਦਾ। ਇਹ ਗੱਲ ਵੱਖਰੀ ਹੈ ਕਿ ਇਨ੍ਹਾਂ ਫਿਲਮਾਂ ਦੀਆਂ ਵੱਖ-ਵੱਖ ਵਿਆਖਿਆਵਾਂ ਹੋ ਸਕਦੀਆਂ ਹਨ ਪਰ ਪੰਜਾਬੀ ਸਿਨੇਮਾ ਵਿੱਚ ਨਵੀਂ ਪੀੜ੍ਹੀ ਦੇ ਲਈ ਪ੍ਰੇਮ ਕਹਾਣੀ ਦਾ ਚੁਣਿਆ ਜਾਣਾ ਆਪਣੇ ਆਪ ਵਿੱਚ ਇਕ ਦਿਲਚਸਪ ਰੁਝਾਨ ਹੈ।

ਜੁਦਾ ਦੀ ਪਹਿਲੀ ਤਾਕਤ ਇਸਦਾ ਨਾਇਕ ਗੁਲਾਬ ਸਿੱਧੂ ਹੈ। ਨੌਜਵਾਨਾਂ ਵਿੱਚ ਗੁਲਾਬ ਸਿੱਧੂ ਦੀ ਆਪਣੀ ਪਛਾਣ ਹੈ। ਉਸਦੀ ਬੋਲੀ, ਉਸਦਾ ਰਵੱਈਆ ਅਤੇ ਲੋਕਾਂ ਵਿੱਚ ਵਿਚਰਨ ਦਾ ਅੰਦਾਜ਼ ਉਸਨੂੰ ਸਟਾਰ ਤੋਂ ਪਹਿਲਾਂ ਆਪਣਾ ਬੰਦਾ ਬਣਾਉਂਦਾ ਹੈ।

ਇਹ ਆਪਣਾਪਣ ਫਿਲਮ ਲਈ ਮਹੱਤਵਪੂਰਨ ਹੈ, ਕਿਉਂਕਿ ਪ੍ਰੇਮ ਕਹਾਣੀ ਦਾ ਨਾਇਕ ਉਦੋਂ ਹੀ ਦਰਸ਼ਕ ਦੇ ਦਿਲ ਵਿੱਚ ਵੜਦਾ ਹੈ ਜਦੋਂ ਦਰਸ਼ਕ ਉਸ ਵਿੱਚ ਆਪਣੇ ਕਿਸੇ ਜਾਣ-ਪਛਾਣ ਵਾਲੇ ਨੌਜਵਾਨ ਦੀ ਝਲਕ ਵੇਖ ਸਕੇ।

ਫਿਲਮ ਦਾ ਇਕ ਹੋਰ ਪੱਖ ਇਸਦਾ ਮੁਕਾਬਲਤਨ ਛੋਟਾ ਬਜਟ ਹੈ। ਆਰਥਿਕ ਪੱਖੋਂ ਇਹ ਉਹ ਫਿਲਮ ਨਹੀਂ ਜਿਸ ਉੱਤੇ ਵੱਡੇ ਪੱਧਰ ਦਾ ਬੋਝ ਹੋਵੇ। ਇਸ ਕਰਕੇ ਇਸਦੀ ਕਾਮਯਾਬੀ ਦਾ ਪੈਮਾਨਾ ਵੀ ਵੱਖਰਾ ਹੈ। ਇਹ ਕਿਸੇ ਵੱਡੇ ਵਿਜ਼ੂਅਲ ਤਮਾਸ਼ੇ ਦੀ ਫਿਲਮ ਨਹੀਂ ਸਗੋਂ ਇਕ ਅਹਿਸਾਸ ਨੂੰ ਪਰਦੇ ਉੱਤੇ ਲਿਆਉਣ ਦੀ ਕੋਸ਼ਿਸ਼ ਹੈ।

ਗਿੱਲ ਰੌਂਤੇ ਨੇ ਇਸ ਕਹਾਣੀ ਨੂੰ ਨੌਸਟਾਲਜੀਆ ਦੇ ਮਾਹੌਲ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਇਹ ਨੌਸਟਾਲਜੀਆ ਸਿਰਫ਼ ਪੁਰਾਣੇ ਸਮੇਂ ਦੀ ਯਾਦ ਨਹੀਂ ਸਗੋਂ ਉਸ ਪੰਜਾਬ ਦੀ ਯਾਦ ਵੀ ਹੈ ਜਿੱਥੇ ਪਿਆਰ ਅਜੇ ਵੀ ਪਿੰਡ, ਪਰਿਵਾਰ ਅਤੇ ਸਮਾਜ ਦੀਆਂ ਹੱਦਾਂ ਨਾਲ ਟਕਰਾਉਂਦਾ ਸੀ।

ਅੱਜ ਦੀ ਨੌਜਵਾਨ ਪੀੜ੍ਹੀ ਦੀ ਮੁਹੱਬਤ ਦੀ ਭਾਸ਼ਾ ਬਦਲ ਚੁੱਕੀ ਹੈ। ਇਸ ਵਿੱਚ ਅਹਿਸਾਸ ਦੇ ਨਾਲ ਸਰੀਰ ਦੀ ਆਪਣੀ ਭਾਸ਼ਾ ਅਤੇ ਉਸਦੀ ਆਜ਼ਾਦੀ ਵੀ ਸ਼ਾਮਲ ਹੈ।

ਪੰਜਾਬ ਦੇ ਵੱਡੇ ਸ਼ਹਿਰਾਂ ਤੋਂ ਲੈ ਕੇ ਮੈਟਰੋ ਸਿਟੀਜ਼ ਤੱਕ ਇਸ ਬਾਰੇ ਗੱਲਬਾਤ ਪਹਿਲਾਂ ਨਾਲੋਂ ਕਿਤੇ ਖੁੱਲ੍ਹੀ ਹੈ। ਪੁਰਾਣੇ ਸਿਨੇਮੇ ਵਿੱਚ ਪ੍ਰੇਮ ਦਿਖਾਉਣ ਲਈ ਦੋ ਸ਼ਬਦ, ਇਕ ਗੀਤ ਜਾਂ ਫੁੱਲਾਂ ਦਾ ਪ੍ਰਤੀਕ ਕਾਫ਼ੀ ਹੁੰਦਾ ਸੀ। ਅੱਜ ਸਿਨੇਮਾ ਪ੍ਰੇਮ ਅਤੇ ਸਰੀਰਕ ਨੇੜਤਾ ਬਾਰੇ ਵਧੇਰੇ ਸਿੱਧੇ ਢੰਗ ਨਾਲ ਗੱਲ ਕਰ ਸਕਦਾ ਹੈ।

ਵਿਸ਼ਵ ਸਿਨੇਮਾ ਤਾਂ ਇਸ ਤੋਂ ਵੀ ਅੱਗੇ ਜਾ ਚੁੱਕਾ ਹੈ। ਇੱਥੇ Obsession ਵਰਗੀਆਂ ਫਿਲਮਾਂ ਅਤੇ ਡੈਮੀ ਮੂਰ ਦੀ Ghost ਵਰਗੀ ਫਿਲਮ ਦੀ ਯਾਦ ਆਉਂਦੀ ਹੈ।

ਜਿੱਥੇ ਹੌਰਰ ਜਾਂ ਅਲੌਕਿਕਤਾ ਦੇ ਪਿਛੋਕੜ ਵਿੱਚ ਵੀ ਮੁਹੱਬਤ ਕੇਂਦਰੀ ਭਾਵ ਬਣ ਸਕਦੀ ਹੈ। ਇਸ ਤਰ੍ਹਾਂ ਦੀਆਂ ਫਿਲਮਾਂ ਸਾਨੂੰ ਇਕ ਬੁਨਿਆਦੀ ਸਵਾਲ ਵੱਲ ਲੈ ਜਾਂਦੀਆਂ ਹਨ।

ਮੁਹੱਬਤ ਆਖ਼ਰ ਹੈ ਕੀ?

ਮੇਰੇ ਲਈ ਇਸ ਸਵਾਲ ਦਾ ਜਵਾਬ ਬਹੁਤ ਸਾਫ਼ ਹੈ। ਮੁਹੱਬਤ ਵਿੱਚ ਦੂਜੇ ਮਨੁੱਖ ਦੀ ਆਜ਼ਾਦੀ ਸਭ ਤੋਂ ਪਹਿਲਾਂ ਆਉਂਦੀ ਹੈ। ਤੁਸੀਂ ਕਿਸੇ ਨੂੰ ਜ਼ਬਰਦਸਤੀ ਆਪਣੇ ਨਾਲ ਪਿਆਰ ਨਹੀਂ ਕਰਵਾ ਸਕਦੇ। ਜਿੱਥੇ ਪਿਆਰ ਲਈ ਦੂਜੇ ਦੀ ਰਜ਼ਾਮੰਦੀ ਨਹੀਂ, ਉੱਥੇ ਪਿਆਰ ਨਹੀਂ ਰਹਿੰਦਾ। ਉੱਥੇ ਕਬਜ਼ਾ ਹੁੰਦਾ ਹੈ। ਮੁਹੱਬਤ ਜੇ ਆਜ਼ਾਦੀ ਨਹੀਂ ਦਿੰਦੀ ਤਾਂ ਉਹ ਮੁਹੱਬਤ ਨਹੀਂ, ਗੁਲਾਮੀ ਹੈ। ਅਤੇ ਗੁਲਾਮੀ ਜ਼ਿੰਦਗੀ ਨਹੀਂ ਮੌਤ ਹੈ। ਪਿਆਰ ਦਾ ਮਤਲਬ ਹੀ ਜ਼ਿੰਦਗੀ ਹੈ।

ਇੱਥੇ ਆ ਕੇ ਜੁਦਾ ਨੂੰ ਸਿਰਫ਼ ਇਕ ਸਨਕੀ ਆਸ਼ਿਕ ਦੀ ਕਹਾਣੀ ਵਜੋਂ ਦੇਖਣਾ ਫਿਲਮ ਨਹੀਂ। ਮੇਰੇ ਖਿਆਲ ਵਿੱਚ ਇਸਦੀ ਸਭ ਤੋਂ ਵੱਡੀ ਕਮੀ ਇਸਦੀ ਕਹਾਣੀ ਵਿੱਚ ਨਹੀਂ ਸਗੋਂ ਇਸਦੇ ਪ੍ਰਚਾਰ-ਪਸਾਰ ਵਿੱਚ ਵੀ ਰਹੀ ਹੈ।

ਫਿਲਮ ਨੂੰ ਜਿਸ ਤਰੀਕੇ ਨਾਲ ਸਾਹਮਣੇ ਲਿਆਂਦਾ ਗਿਆ। ਉਸ ਨਾਲ ਦਰਸ਼ਕ ਦੇ ਮਨ ਵਿੱਚ ਇਹ ਪ੍ਰਭਾਵ ਬਣਿਆ ਕਿ ਇਹ ਇਕ ਅਜਿਹੇ ਮੁੰਡੇ ਦੀ ਕਹਾਣੀ ਹੈ ਜਿਸਨੂੰ ਪਿਆਰ ਵਿੱਚ ਧੋਖਾ ਮਿਲਿਆ ਅਤੇ ਉਹ ਬਰਬਾਦ ਹੋ ਗਿਆ।

ਪਰ ਜੁਦਾ ਦੇ ਅੰਦਰ ਇਸ ਤੋਂ ਕਿਤੇ ਵੱਧ ਗੱਲ ਹੈ।

ਇਹ ਕਹਾਣੀ ਕੁੜੀ ਦੇ ਨਜ਼ਰੀਏ ਤੋਂ ਵੀ 1992 ਦੇ ਮਾਹੌਲ ਵਿੱਚ ਦੇਖੀ ਜਾਣੀ ਚਾਹੀਦੀ ਹੈ ਅਤੇ ਇੱਥੇ ਫਿਲਮ ਇਕ ਬਹੁਤ ਡੂੰਘੀ ਸਮਾਜਕ ਹਕੀਕਤ ਨੂੰ ਛੂਹਦੀ ਹੈ।

ਮੁੰਡਾ ਟੁੱਟੀ ਮੁਹੱਬਤ ਤੋਂ ਬਾਅਦ ਸ਼ਰਾਬ ਪੀ ਸਕਦਾ ਹੈ, ਆਪਣਾ ਦੁੱਖ ਖੁੱਲ੍ਹ ਕੇ ਬਿਆਨ ਕਰ ਸਕਦਾ ਹੈ,ਲੋਕਾਂ ਸਾਹਮਣੇ ਰੋ ਸਕਦਾ ਹੈ ਜਾਂ ਆਪਣੀ ਬਰਬਾਦੀ ਨੂੰ ਸਮਾਜਕ ਤੌਰ ’ਤੇ ਇਕ ਆਸ਼ਿਕ ਦਾ ਦਰਦ ਕਹਿ ਸਕਦਾ ਹੈ।

ਪਰ ਕੁੜੀ? ਉਹ ਤਾਂ ਕਈ ਵਾਰ ਆਪਣੀ ਮੁਹੱਬਤ ਦਾ ਇਜ਼ਹਾਰ ਵੀ ਖੁੱਲ੍ਹ ਕੇ ਨਹੀਂ ਕਰ ਸਕਦੀ। ਉਸਦੀ ਮੁਹੱਬਤ ਪਰਿਵਾਰ ਦੀ ਅਣਖ ਦੇ ਸਾਹਮਣੇ ਖੜ੍ਹੀ ਹੋ ਜਾਵੇ ਤਾਂ ਉਸਦੀ ਕੀਮਤ ਕਈ ਵਾਰ ਉਸਦੀ ਜ਼ਿੰਦਗੀ ਹੁੰਦੀ ਹੈ।

ਇਸ ਪੱਖੋਂ ਜੁਦਾ ਦਾ ਦਰਦ ਸਿਰਫ਼ ਇਕ ਵਿਅਕਤੀ ਦਾ ਦਰਦ ਨਹੀਂ ਰਹਿੰਦਾ। ਇਹ ਉਸ ਸਮਾਜ ਦੀ ਕਹਾਣੀ ਬਣ ਜਾਂਦਾ ਹੈ ਜਿੱਥੇ ਪਿਆਰ ਦੀ ਆਜ਼ਾਦੀ ਦਾ ਹੱਕ ਮੁੰਡੇ ਅਤੇ ਕੁੜੀ ਲਈ ਇਕੋ ਜਿਹਾ ਨਹੀਂ।

ਫਿਲਮ ਨੂੰ ਮੈਂ ਤਿੰਨ ਪੜਾਵਾਂ ਵਿੱਚ ਵੇਖਦਾ ਹਾਂ। ਪਹਿਲੇ ਪੜਾਅ ਵਿੱਚ ਮੁਹੱਬਤ ਪੈਦਾ ਹੁੰਦੀ ਹੈ। ਦੂਜੇ ਵਿੱਚ ਮੁਹੱਬਤ ਉਜੜਦੀ ਹੈ ਅਤੇ ਉਸਦੇ ਨਾਲ ਨਾਇਕ ਵੀ ਅੰਦਰੋਂ ਉਜੜ ਜਾਂਦਾ ਹੈ। ਤੀਜੇ ਪੜਾਅ ਵਿੱਚ ਉਹ ਆਪਣੇ ਉਜਾੜ ਵਿੱਚੋਂ ਹੌਲੀ-ਹੌਲੀ ਬਾਹਰ ਆਉਣ ਦੀ ਕੋਸ਼ਿਸ਼ ਕਰਦਾ ਹੈ।

ਇਹ ਤੀਜਾ ਪੜਾਅ ਫਿਲਮ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਬਣ ਸਕਦਾ ਸੀ।

ਜਦੋਂ ਹਰਬੰਸ ਸ਼ਰਾਬ ਤੋਂ ਤੌਬਾ ਕਰਦਾ ਹੈ ਅਤੇ ਆਪਣੇ ਆਪ ਨੂੰ ਮੁੜ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਸ ਵੇਲੇ ਕਹਾਣੀ ਦੇ ਅੰਦਰ ਇਕ ਬਹੁਤ ਸੁੰਦਰ ਸੰਭਾਵਨਾ ਪੈਦਾ ਹੁੰਦੀ ਹੈ।

ਜਿਸ ਕੁੜੀ ਨੂੰ ਉਹ ਪਿਆਰ ਕਰਦਾ ਸੀ, ਉਸਦਾ ਸੁਫ਼ਨਾ ਸੀ ਕਿ ਉਹ ਅਧਿਆਪਕ ਬਣੇ ਅਤੇ ਪਿੰਡ ਦੇ ਬੱਚਿਆਂ ਨੂੰ ਪੜ੍ਹਾਏ। ਉਸਦੀ ਮੌਤ ਤੋਂ ਬਾਅਦ, ਸ਼ਰਾਬ ਅਤੇ ਵਿਗੜੇ ਮਾਹੌਲ ਕਾਰਨ ਪਿੰਡ ਵਿੱਚ ਅਧਿਆਪਕ ਵੀ ਨਹੀਂ ਰਹਿੰਦਾ। ਹਰਬੰਸ ਫਿਰ ਉਸ ਅਧਿਆਪਕ ਦਾ ਇੰਤਜ਼ਾਮ ਕਰਦਾ ਹੈ।

ਇਹ ਬਹੁਤ ਸੋਹਣਾ ਬਿੰਦੂ ਹੈ।

ਕਿਉਂਕਿ ਇੱਥੇ ਨਾਇਕ ਆਪਣੀ ਮਰੀ ਹੋਈ ਮੁਹੱਬਤ ਨੂੰ ਸਿਰਫ਼ ਯਾਦ ਨਹੀਂ ਕਰ ਰਿਹਾ। ਉਹ ਉਸਦੇ ਸੁਫ਼ਨੇ ਨੂੰ ਜਿਉ ਰਿਹਾ ਹੈ। ਉਹ ਆਪਣੀ ਜ਼ਿੰਦਗੀ ਨੂੰ ਮੁੜ ਅਰਥ ਦੇ ਰਿਹਾ ਹੈ। ਉਹ ਸ਼ਰਾਬ ਛੱਡ ਕੇ, ਪਿੰਡ ਦੇ ਬੱਚਿਆਂ ਦੀ ਸਿੱਖਿਆ ਲਈ ਕੰਮ ਕਰਕੇ, ਉਸ ਮਨੁੱਖ ਦੇ ਸੁਪਨੇ ਨੂੰ ਜ਼ਿੰਦਾ ਰੱਖਦਾ ਹੈ ਜਿਸਨੂੰ ਉਸਨੇ ਪਿਆਰ ਕੀਤਾ ਸੀ।

ਅਤੇ ਇਸਦੇ ਬਿਲਕੁਲ ਬਰਾਬਰ ਇਕ ਹੋਰ ਬਹੁਤ ਸ਼ਕਤੀਸ਼ਾਲੀ ਕਹਾਣੀ ਖੜ੍ਹੀ ਕੀਤੀ ਜਾ ਸਕਦੀ ਸੀ।

ਜਦੋਂ ਹਰਬੰਸ ਨੂੰ ਪਤਾ ਲੱਗਦਾ ਹੈ ਕਿ ਜਿਸ ਬੰਦੇ ਨੂੰ ਉਹ ਆਪਣਾ ਦੋਸਤ ਸਮਝਦਾ ਸੀ ਉਹੀ ਉਸਦੀ ਪ੍ਰੇਮਿਕਾ ਦੀ ਮੌਤ ਲਈ ਸਭ ਤੋਂ ਵੱਡੇ ਤੌਰ ’ਤੇ ਜ਼ਿੰਮੇਵਾਰ ਹੈ ਤਾਂ ਕਹਾਣੀ ਬਦਲੇ ਤੋਂ ਅੱਗੇ ਜਾ ਸਕਦੀ ਸੀ।

ਪਿੰਡ ਦੀ ਪੰਚਾਇਤ ਵਿੱਚ ਹਰਬੰਸ ਆਪਣੇ ਦੋਸਤ ਨੂੰ ਇਹ ਸਮਝਾ ਸਕਦਾ ਸੀ ਕਿ ਮੁਹੱਬਤ ਜਬਰਦਸਤੀ ਦਾ ਨਾਮ ਨਹੀਂ। ਮੁਹੱਬਤ ਦੋ ਦਿਲਾਂ ਦੀ ਆਪਸੀ ਸਮਝ, ਆਜ਼ਾਦੀ ਅਤੇ ਆਪਣਾਪਣ ਹੈ। ਜਿਸ ਪਿਆਰ ਵਿੱਚ ਦੂਜੇ ਦੀ ਇੱਛਾ ਲਈ ਥਾਂ ਨਹੀਂ, ਉਹ ਪਿਆਰ ਨਹੀਂ।

ਇਹ ਫਿਲਮ ਦਾ ਸਭ ਤੋਂ ਵੱਡਾ ਕਲਾਈਮੈਕਸ ਹੋ ਸਕਦਾ ਸੀ।

ਇਕ ਪਾਸੇ ਹਰਬੰਸ ਸ਼ਰਾਬ ਛੱਡ ਕੇ ਪਿੰਡ ਦੇ ਬੱਚਿਆਂ ਲਈ ਸਿੱਖਿਆ ਦਾ ਮਾਹੌਲ ਬਣਾਉਂਦਾ। ਦੂਜੇ ਪਾਸੇ ਉਹ ਆਪਣੇ ਹੀ ਦੋਸਤ ਨੂੰ ਪਿਆਰ ਦੀ ਸਹੀ ਸਿੱਖਿਆ ਦਿੰਦਾ।

ਇਕ ਪਾਸੇ ਉਹ ਆਪਣੀ ਪ੍ਰੇਮਿਕਾ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਦਾ, ਦੂਜੇ ਪਾਸੇ ਉਸੇ ਸੁਪਨੇ ਦੀ ਰੌਸ਼ਨੀ ਵਿੱਚ ਇਹ ਸਵਾਲ ਖੜ੍ਹਾ ਕਰਦਾ ਕਿ ਕੀ ਕਿਸੇ ਮਨੁੱਖ ਨੂੰ ਆਪਣੀ ਮਰਜ਼ੀ ਨਾਲ ਜੀਣ ਦਾ ਹੱਕ ਨਹੀਂ?

ਜੇ ਫਿਲਮ ਇੱਥੇ ਪਹੁੰਚਦੀ ਤਾਂ ਇਸਦਾ ਅੰਤ ਸਿਰਫ਼ ਇਕ ਪ੍ਰੇਮ ਕਹਾਣੀ ਦਾ ਅੰਤ ਨਾ ਹੁੰਦਾ। ਇਹ ਮੁਹੱਬਤ ਦੀ ਪਰਿਭਾਸ਼ਾ ਬਣ ਸਕਦਾ ਸੀ।

ਪਰ ਜੁਦਾ ਦੀ ਸਭ ਤੋਂ ਵੱਡੀ ਕਮਜ਼ੋਰੀ ਇਹੀ ਹੈ ਕਿ ਜਿੱਥੇ ਇਸਦੀ ਕਹਾਣੀ ਆਪਣੇ ਸਭ ਤੋਂ ਮਜ਼ਬੂਤ ਮੁਕਾਮ ਵੱਲ ਵਧਦੀ ਹੈ, ਉੱਥੇ ਕਲਾਈਮੈਕਸ ਆ ਕੇ ਇਸਨੂੰ ਕਮਜ਼ੋਰ ਕਰ ਦਿੰਦਾ ਹੈ।

ਅਤੇ ਇਹ ਸਿਰਫ਼ ਜੁਦਾ ਦੀ ਸਮੱਸਿਆ ਨਹੀਂ। ਪੰਜਾਬੀ ਸਿਨੇਮਾ ਦੀਆਂ ਬਹੁਤ ਸਾਰੀਆਂ ਫਿਲਮਾਂ ਕਹਾਣੀ ਨੂੰ ਬੜੀ ਮਿਹਨਤ ਨਾਲ ਬਣਾਉਂਦੀਆਂ ਹਨ, ਕਿਰਦਾਰਾਂ ਨੂੰ ਪਿਆਰ ਨਾਲ ਖੜ੍ਹਾ ਕਰਦੀਆਂ ਹਨ, ਦਰਸ਼ਕ ਨੂੰ ਆਪਣੇ ਨਾਲ ਜੋੜਦੀਆਂ ਹਨ ਪਰ ਜਦੋਂ ਅੰਤਿਮ ਫੈਸਲਾ ਕਰਨ ਦਾ ਸਮਾਂ ਆਉਂਦਾ ਹੈ ਤਾਂ ਕਹਾਣੀ ਨੂੰ ਇਕ ਮਜ਼ਬੂਤ ਵਿਚਾਰਕ ਨਤੀਜੇ ਤੱਕ ਲਿਜਾਣ ਦੀ ਥਾਂ ਉਸਨੂੰ ਜਲਦੀ ਸਮੇਟ ਦਿੰਦੀਆਂ ਹਨ।

ਇਸ ਮਾਮਲੇ ਵਿੱਚ ਅੰਬਰਦੀਪ ਸਿੰਘ ਨਾਲ ਵੀ ਕਈ ਵਾਰ ਗੱਲ ਹੋਈ ਹੈ। ਉਸਦੀਆਂ ਕਈ ਫਿਲਮਾਂ ਵਿੱਚ ਵੀ ਕਹਾਣੀ ਅਤੇ ਕਿਰਦਾਰਾਂ ਦੀ ਤਿਆਰੀ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ ਪਰ ਕਲਾਈਮੈਕਸ ’ਤੇ ਆ ਕੇ ਉਹੀ ਤਾਕਤ ਕਿਤੇ ਨਾ ਕਿਤੇ ਘਟ ਜਾਂਦੀ ਹੈ।

ਪੰਜਾਬੀ ਸਿਨੇਮਾ ਨੂੰ ਸ਼ਾਇਦ ਹੁਣ ਇਸ ਗੱਲ ਉੱਤੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿ ਕਹਾਣੀ ਦਾ ਅੰਤ ਸਿਰਫ਼ ਕਹਾਣੀ ਨੂੰ ਖਤਮ ਕਰਨ ਲਈ ਨਹੀਂ, ਸਗੋਂ ਉਸਦੇ ਕੇਂਦਰੀ ਵਿਚਾਰ ਨੂੰ ਪੂਰਾ ਕਰਨ ਲਈ ਹੋਣਾ ਚਾਹੀਦਾ ਹੈ।

ਤਕਨੀਕੀ ਪੱਖੋਂ ਵੀ ਜੁਦਾ ਵਿੱਚ ਸੰਭਾਵਨਾ ਦਿਖਾਈ ਦਿੰਦੀ ਹੈ। ਇਸ ਦੀਆਂ ਲੋਕੇਸ਼ਨਾਂ ਕਹਾਣੀ ਦੇ ਮਾਹੌਲ ਲਈ ਬਹੁਤ ਢੁੱਕਵੀਆਂ ਹਨ। ਕਿਤੇ-ਕਿਤੇ ਡੀਓਪੀ ਦਾ ਕੰਮ ਬਹੁਤ ਸੁੰਦਰ ਹੈ ਪਰ ਸਮੁੱਚੇ ਤੌਰ ’ਤੇ ਇਸ ਉੱਤੇ ਹੋਰ ਮਿਹਨਤ ਹੋ ਸਕਦੀ ਸੀ। ਇਸ ਕਹਾਣੀ ਦੇ ਨੌਸਟਾਲਜਿਕ ਮਾਹੌਲ ਨੂੰ ਹੋਰ ਦ੍ਰਿਸ਼ਾਤਮਕ ਗਹਿਰਾਈ ਦਿੱਤੀ ਜਾ ਸਕਦੀ ਸੀ।

ਸਹਾਇਕ ਅਦਾਕਾਰਾਂ ਨੇ ਗੁਲਾਬ ਸਿੱਧੂ ਨੂੰ ਚੰਗਾ ਸਹਿਯੋਗ ਦਿੱਤਾ ਹੈ। ਗੁਲਾਬ ਖੁਦ ਵੀ ਆਪਣੇ ਕਿਰਦਾਰ ਨੂੰ ਆਪਣੀ ਨੌਜਵਾਨੀ ਵਾਲੀ ਊਰਜਾ ਨਾਲ ਨਿਭਾਉਂਦਾ ਹੈ ਬੇਸ਼ੱਕ ਕੁਝ ਹੱਦਬੰਦੀਆਂ ਹਨ। ਹਾਲਾਂਕਿ ਜੈਸਮੀਨ ਦੀ ਅਦਾਕਾਰੀ ਵਿੱਚ, ਖ਼ਾਸ ਕਰਕੇ ਸੰਵਾਦ ਬੋਲਣ ਦੇ ਲਹਿਜ਼ੇ ਅਤੇ ਉਚਾਰਨ ਵਿੱਚ ਕਾਫ਼ੀ ਸੁਧਾਰ ਦੀ ਗੁੰਜਾਇਸ਼ ਹੈ। ਕਿਰਦਾਰ ਦੇ ਅੰਦਰ ਜੋ ਭਾਵਨਾਤਮਕ ਸਮਰੱਥਾ ਸੀ, ਉਹ ਹੋਰ ਮਜ਼ਬੂਤ ਅਦਾਕਾਰੀ ਨਾਲ ਕਿਤੇ ਵੱਧ ਪ੍ਰਭਾਵਸ਼ਾਲੀ ਹੋ ਸਕਦੀ ਸੀ।

ਫਿਰ ਵੀ ਜੁਦਾ ਨੂੰ ਖਾਰਜ ਕਰ ਦੇਣਾ ਠੀਕ ਨਹੀਂ ਹੋਵੇਗਾ।

ਗੁਲਾਬ ਸਿੱਧੂ ਦੀ ਪ੍ਰਸ਼ੰਸਕ ਤਾਕਤ ਅਤੇ ਫਿਲਮ ਦੇ ਭਾਵਨਾਤਮਕ ਮਾਹੌਲ ਕਰਕੇ ਇਹ ਇਕ one-time watch ਫਿਲਮ ਜ਼ਰੂਰ ਬਣਦੀ ਹੈ ਪਰ ਇਸ ਤੋਂ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਇਸਦੇ ਅੰਦਰ ਇਕ ਬਹੁਤ ਚੰਗੀ ਫਿਲਮ ਦੀ ਸੰਭਾਵਨਾ ਮੌਜੂਦ ਹੈ।

ਅਜਿਹੀ ਫਿਲਮ ਜੋ ਮੁਹੱਬਤ ਨੂੰ ਸਿਰਫ਼ ਹਾਸਲ ਕਰਨ ਦੀ ਕਹਾਣੀ ਨਹੀਂ ਸਗੋਂ ਦੂਜੇ ਦੀ ਆਜ਼ਾਦੀ ਨੂੰ ਸਮਝਣ ਦੀ ਕਹਾਣੀ ਬਣ ਸਕਦੀ ਸੀ।

ਕਿਉਂਕਿ ਆਖ਼ਿਰ ਮੁਹੱਬਤ ਦਾ ਸਭ ਤੋਂ ਖੂਬਸੂਰਤ ਰੂਪ ਉਹੀ ਹੈ ਜਿੱਥੇ ਤੁਸੀਂ ਕਿਸੇ ਨੂੰ ਆਪਣਾ ਬਣਾਉਣ ਤੋਂ ਪਹਿਲਾਂ ਉਸਨੂੰ ਆਪਣੇ ਆਪ ਰਹਿਣ ਦੀ ਆਜ਼ਾਦੀ ਦਿੰਦੇ ਹੋ।

ਮੁਹੱਬਤ ਵਿੱਚ ਹੱਕ ਹੋ ਸਕਦਾ ਹੈ, ਪਰ ਕਬਜ਼ਾ ਨਹੀਂ।
ਯਾਦ ਹੋ ਸਕਦੀ ਹੈ, ਪਰ ਜ਼ਬਰ ਨਹੀਂ।
ਵਿਛੋੜਾ ਹੋ ਸਕਦਾ ਹੈ ਪਰ ਦੂਜੇ ਦੀ ਜ਼ਿੰਦਗੀ ਉੱਤੇ ਫੈਸਲਾ ਕਰਨ ਦਾ ਹੱਕ ਨਹੀਂ।

ਅਤੇ ਸ਼ਾਇਦ ਜੁਦਾ ਦੀ ਸਭ ਤੋਂ ਵੱਡੀ ਸੰਭਾਵਨਾ ਵੀ ਇੱਥੇ ਹੀ ਸੀ ਕਿ ਇਹ ਸਾਨੂੰ ਦੱਸ ਸਕਦੀ ਸੀ ਕਿ ਟੁੱਟੀ ਮੁਹੱਬਤ ਤੋਂ ਬਾਅਦ ਜ਼ਿੰਦਗੀ ਖਤਮ ਨਹੀਂ ਹੁੰਦੀ। ਕਈ ਵਾਰ ਓਥੋਂ ਹੀ ਇਕ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ।

ਬਸ ਅਫ਼ਸੋਸ ਇਹ ਹੈ ਕਿ ਫਿਲਮ ਜਿਸ ਮੋੜ ’ਤੇ ਇਸ ਵਿਚਾਰ ਨੂੰ ਆਪਣਾ ਸਭ ਤੋਂ ਮਜ਼ਬੂਤ ਰੂਪ ਦੇ ਸਕਦੀ ਸੀ ਉਸ ਮੋੜ ’ਤੇ ਇਹ ਆਪਣੀ ਹੀ ਕਹਾਣੀ ਨੂੰ ਕੁਝ ਕਮਜ਼ੋਰ ਕਰ ਬੈਠਦੀ ਹੈ।

ਇਸ ਲਈ ਜੁਦਾ ਨੂੰ ਮੈਂ ਇਕ ਪੂਰੀ ਤਰ੍ਹਾਂ ਸਫਲ ਫਿਲਮ ਨਹੀਂ ਕਹਾਂਗਾ ਪਰ ਇਸਨੂੰ ਇਕ ਬੇਮਤਲਬ ਫਿਲਮ ਵੀ ਨਹੀਂ ਕਹਿ ਸਕਦਾ।

ਇਹ ਇਕ ਅਜਿਹੀ ਫਿਲਮ ਹੈ ਜਿਸ ਵਿੱਚ ਮੁਹੱਬਤ ਹੈ, ਵਿਛੋੜਾ ਹੈ, ਨੌਸਟਾਲਜੀਆ ਹੈ, ਪਛਤਾਵਾ ਹੈ ਅਤੇ ਮੁੜ ਜੀਣ ਦੀ ਕੋਸ਼ਿਸ਼ ਹੈ ਅਤੇ ਇਨ੍ਹਾਂ ਸਭ ਦੇ ਵਿਚਕਾਰ ਇਕ ਅਜਿਹਾ ਸਵਾਲ ਹੈ ਜੋ ਫਿਲਮ ਮੁਕਣ ਤੋਂ ਬਾਅਦ ਵੀ ਮਨ ਵਿੱਚ ਰਹਿ ਜਾਂਦਾ ਹੈ:

ਕੀ ਕਿਸੇ ਨੂੰ ਪਿਆਰ ਕਰਨਾ ਉਸਨੂੰ ਆਪਣਾ ਬਣਾਉਣ ਦਾ ਹੱਕ ਦਿੰਦਾ ਹੈ? ਸ਼ਾਇਦ ਜਵਾਬ ਇਹੀ ਹੈ ਕਿ ਨਹੀਂ ਕਿਉਂਕਿ ਪਿਆਰ ਜੇ ਸਾਹਮਣੇ ਵਾਲੇ ਦੀ ਆਜ਼ਾਦੀ ਨੂੰ ਨਹੀਂ ਮੰਨਦਾ ਤਾਂ ਉਹ ਪਿਆਰ ਨਹੀਂ ਰਹਿੰਦਾ।

ਪਿਆਰ ਤਾਂ ਜ਼ਿੰਦਗੀ ਹੈ।

~ ਹਰਪ੍ਰੀਤ ਸਿੰਘ ਕਾਹਲੋਂ

2 weeks ago | [YT] | 7

Adbi Baithak

ਉਹ ਸੱਜਣ ‘ਤੇ ਮਾਣ ਕਰਦੇ ਹਨ !

ਜਦੋਂ ਮੈਂ ਅੱਜ ਦੇ ਵਰਤਮਾਨ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦਾ ਇਤਿਹਾਸ ਨਾਲ ਵਿਹਾਰ ਵੇਖਦਾ ਹਾਂ ਤਾਂ ਉਨ੍ਹਾਂ ਦੀ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਵੇਖਦਾ ਹਾਂ ਅਤੇ ਸਭ ਤੋਂ ਵੱਧ ਇਹ ਵੇਖਦਾ ਹਾਂ ਕਿ ਉਹ ਆਪਣੀ ਸਿਆਸੀ ਸਹੂਲਤ ਅਤੇ ਮੌਕਾਪਰਸਤੀ ਦੇ ਹਿਸਾਬ ਨਾਲ ਇਤਿਹਾਸ ਦੀ ਵਿਆਖਿਆ ਕਿਵੇਂ ਕਰਦੀਆਂ ਹਨ ਤਾਂ ਮੇਰੇ ਮਨ ਵਿੱਚ ਇੱਕ ਗੱਲ ਬਹੁਤ ਸਪਸ਼ਟ ਹੁੰਦੀ ਹੈ।

ਇਹ ਸਿਆਸੀ ਧਿਰਾਂ ਇਤਿਹਾਸ ਤੋਂ ਅਸਲ ਵਿੱਚ ਕੁਝ ਸਿੱਖਦੀਆਂ ਨਹੀਂ। ਉਹ ਇਤਿਹਾਸ ਨੂੰ ਸਮਝਣ ਦੀ ਬਜਾਏ ਉਸਨੂੰ ਆਪਣੀ ਅੱਜ ਦੀ ਸਿਆਸਤ ਲਈ ਵਰਤਦੀਆਂ ਹਨ।

1947 ਤੋਂ ਬਾਅਦ 1984 ਸਿੱਖਾਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਡੂੰਘਾ ਕਤਲੇਆਮ ਸੀ। ਸ. ਜਗਤਾਰਜੀਤ ਸਿੰਘ ਦੀ ਇੱਕ ਗੱਲ ਮੈਨੂੰ ਵਾਰ-ਵਾਰ ਯਾਦ ਆਉਂਦੀ ਹੈ। ਉਹ ਕਹਿੰਦੇ ਹਨ ਕਿ 1947 ਦਾ ਸੰਤਾਪ ਹਿੰਦੂਆਂ ਅਤੇ ਸਿੱਖਾਂ ਦੋਵਾਂ ਨੇ ਭੋਗਿਆ ਪਰ 1984 ਦਾ ਸੰਤਾਪ ਸਿਰਫ਼ ਅਤੇ ਸਿਰਫ਼ ਸਿੱਖਾਂ ਨੇ ਭੋਗਿਆ।

ਇਹ ਫ਼ਰਕ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ 1984 ਸਿਰਫ਼ ਇੱਕ ਹਿੰਸਕ ਘਟਨਾ ਨਹੀਂ ਸੀ। ਇਹ ਸਿੱਖ ਮਨ, ਸਿੱਖ ਪਛਾਣ ਅਤੇ ਸਿੱਖਾਂ ਦੇ ਭਾਰਤ ਨਾਲ ਰਿਸ਼ਤੇ ਉੱਤੇ ਪਿਆ ਇੱਕ ਡੂੰਘਾ ਜ਼ਖ਼ਮ ਸੀ।

ਪਰ ਅਫ਼ਸੋਸ ਦੀ ਗੱਲ ਇਹ ਹੈ ਕਿ 1984 ਦੇ ਇਸ ਸੰਤਾਪ ਨੂੰ ਸਮਝਣ ਦੀ ਬਜਾਏ ਲਗਾਤਾਰ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੀ ਗਈ।

ਸਿੱਖਾਂ ਦੇ ਨਜ਼ਰੀਏ ਨੂੰ ਸਮਝਣ ਤੋਂ ਇਨਕਾਰ ਕੀਤਾ ਗਿਆ। ਉਨ੍ਹਾਂ ਦੇ ਬਿਰਤਾਂਤ ਨੂੰ ਸੁਣਨ ਤੋਂ ਇਨਕਾਰ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਇਤਿਹਾਸਕ ਤੇ ਰਾਜਨੀਤਕ ਭਾਵਨਾਵਾਂ ਨੂੰ ਵਾਰ-ਵਾਰ ਦਹਿਸ਼ਤਗਰਦੀ ਦੇ ਚਸ਼ਮੇ ਵਿੱਚੋਂ ਦੇਖਿਆ ਗਿਆ।

ਜਿੱਥੇ ਸਿੱਖਾਂ ਦੀ ਕੋਈ ਪੀੜ, ਕੋਈ ਰੋਸ ਜਾਂ ਕੋਈ ਇਤਿਹਾਸਕ ਮੰਗ ਸਾਹਮਣੇ ਆਈ ਉੱਥੇ ਉਸਨੂੰ ਸਮਝਣ ਦੀ ਥਾਂ ਅਕਸਰ ਫਿਰਕਾਪ੍ਰਸਤੀ, ਕੱਟੜਵਾਦ ਜਾਂ ਵੱਖਵਾਦ ਦੀ ਭਾਸ਼ਾ ਵਿੱਚ ਪਰਿਭਾਸ਼ਿਤ ਕੀਤਾ ਗਿਆ।

ਇਹ ਸਿਰਫ਼ ਕਿਸੇ ਇੱਕ ਪਾਰਟੀ ਦੀ ਸਮੱਸਿਆ ਨਹੀਂ ਰਹੀ। ਕਾਂਗਰਸ ਹੋਵੇ, ਭਾਜਪਾ ਹੋਵੇ, ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਹੋਰ ਸਿਆਸੀ ਧਿਰ। ਇਸ ਮਾਮਲੇ ਵਿੱਚ ਇੱਕ ਬੁਨਿਆਦੀ ਸਿਆਸੀ ਸੋਚ ਵਾਰ-ਵਾਰ ਸਾਹਮਣੇ ਆਉਂਦੀ ਰਹੀ ਹੈ।

ਅਜਿਹੇ ਹਾਲਾਤ ਵਿੱਚ ਉਮੀਦ ਇਹ ਹੋਣੀ ਚਾਹੀਦੀ ਸੀ ਕਿ ਜਿਹੜੀ ਪਾਰਟੀ 1984 ਦੇ ਸੰਦਰਭ ਵਿੱਚ ਆਪਣੇ ਪੁਰਾਣੇ ਦਾਗ਼ ਅਤੇ ਆਪਣੀ ਜ਼ਿੰਮੇਵਾਰੀ ਨੂੰ ਸਵੀਕਾਰ ਕਰਨ ਦੀ ਗੱਲ ਕਰਦੀ ਹੈ। ਉਹ ਇਸ ਮਾਮਲੇ ਵਿੱਚ ਸਭ ਤੋਂ ਵੱਧ ਸੰਵੇਦਨਸ਼ੀਲ ਅਤੇ ਸਪਸ਼ਟ ਰੁਖ ਅਪਣਾਏਗੀ।

ਕਾਂਗਰਸ ਵੱਲੋਂ ਵਾਰ-ਵਾਰ ਇਹ ਕਿਹਾ ਜਾਂਦਾ ਹੈ ਕਿ ਉਸਨੇ ਸਿੱਖਾਂ ਤੋਂ 1984 ਲਈ ਮਾਫ਼ੀ ਮੰਗੀ ਅਤੇ ਇਸ ਸੰਦਰਭ ਵਿੱਚ ਡਾ. ਮਨਮੋਹਨ ਸਿੰਘ ਦੀ ਸੰਸਦ ਵਿੱਚ ਕੀਤੀ ਟਿੱਪਣੀ ਨੂੰ ਵੀ ਵਾਰ-ਵਾਰ ਸਾਹਮਣੇ ਰੱਖਿਆ ਜਾਂਦਾ ਹੈ।

ਪਰ ਇੱਥੇ ਇੱਕ ਬੁਨਿਆਦੀ ਫ਼ਰਕ ਸਮਝਣਾ ਜ਼ਰੂਰੀ ਹੈ। ਡਾ. ਮਨਮੋਹਨ ਸਿੰਘ ਦੀ ਉਹ ਟਿੱਪਣੀ ਨਾਨਾਵਟੀ ਕਮਿਸ਼ਨ ਦੀ ਰਿਪੋਰਟ ਉੱਤੇ ਸੰਸਦ ਵਿੱਚ ਹੋ ਰਹੀ ਚਰਚਾ ਦੇ ਸੰਦਰਭ ਵਿੱਚ ਆਈ ਸੀ।

ਇਸਨੂੰ ਕਾਂਗਰਸ ਪਾਰਟੀ ਦੀ ਇੱਕ ਸਮੂਹਿਕ, ਸਪਸ਼ਟ ਅਤੇ ਸੰਸਥਾਗਤ ਮਾਫ਼ੀ ਵਜੋਂ ਪੇਸ਼ ਕਰਨਾ ਇੱਕ ਵੱਖਰੀ ਰਾਜਨੀਤਕ ਵਿਆਖਿਆ ਹੈ। ਦੋਹਾਂ ਗੱਲਾਂ ਨੂੰ ਇੱਕ ਨਹੀਂ ਕੀਤਾ ਜਾ ਸਕਦਾ।

ਇਸੇ ਤਰ੍ਹਾਂ ਰਾਹੁਲ ਗਾਂਧੀ ਦਾ ਅੰਮ੍ਰਿਤਸਰ ਆ ਕੇ ਦਰਬਾਰ ਸਾਹਿਬ ਵਿੱਚ ਸੇਵਾ ਕਰਨਾ ਵੀ ਸਿੱਖਾਂ ਦੀਆਂ ਭਾਵਨਾਵਾਂ ਦੇ ਪੱਖੋਂ ਇੱਕ ਸਤਿਕਾਰਯੋਗ ਗੱਲ ਹੋ ਸਕਦੀ ਹੈ। ਦਰਬਾਰ ਸਾਹਿਬ ਆਉਣ ਵਾਲੇ ਕਿਸੇ ਵੀ ਵਿਅਕਤੀ ਦੀ ਹਾਜ਼ਰੀ ਨੂੰ ਸਿੱਖ ਸਮਾਜ ਨੇ ਅਕਸਰ ਸਤਿਕਾਰ ਨਾਲ ਹੀ ਵੇਖਿਆ ਹੈ।

ਪਰ ਸਵਾਲ ਇਹ ਹੈ ਕਿ ਕੀ ਕਿਸੇ ਇੱਕ ਧਾਰਮਿਕ ਸਥਾਨ ਉੱਤੇ ਜਾ ਕੇ ਸੇਵਾ ਕਰ ਦੇਣਾ ਉਸ ਪਾਰਟੀ ਦੀ 1984, ਸਿੱਖ ਨਿਆਂ, ਬੰਦੀ ਸਿੰਘਾਂ ਜਾਂ ਸਿੱਖਾਂ ਨਾਲ ਜੁੜੇ ਹੋਰ ਬੁਨਿਆਦੀ ਸਵਾਲਾਂ ਬਾਰੇ ਪੂਰੀ ਰਾਜਨੀਤਕ ਸੋਚ ਦਾ ਬਦਲ ਹੋ ਸਕਦਾ ਹੈ? ਮੇਰੇ ਖ਼ਿਆਲ ਵਿੱਚ ਇਹ ਦੋ ਵੱਖਰੇ ਮਾਮਲੇ ਹਨ।

ਕਿਉਂਕਿ ਜਦੋਂ ਅਸੀਂ ਬੰਦੀ ਸਿੰਘਾਂ ਦੇ ਮਾਮਲੇ ਨੂੰ ਵੇਖਦੇ ਹਾਂ, ਜਦੋਂ ਅਸੀਂ 1984 ਦੇ ਨਿਆਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਵੱਖ-ਵੱਖ ਸਮਿਆਂ ਉੱਤੇ ਕੇਂਦਰੀ ਸਰਕਾਰਾਂ ਦੇ ਰੁਖ ਨੂੰ ਵੇਖਦੇ ਹਾਂ ਅਤੇ ਜਦੋਂ ਅਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਵਰਗੇ ਸੀਨੀਅਰ ਆਗੂਆਂ ਦੀਆਂ ਟਿੱਪਣੀਆਂ ਨੂੰ ਸੁਣਦੇ ਹਾਂ ਤਾਂ ਤਸਵੀਰ ਹੋਰ ਗੁੰਝਲਦਾਰ ਹੋ ਜਾਂਦੀ ਹੈ।

ਇੱਥੇ ਸਿਰਫ਼ ਇਹ ਪੁੱਛਣਾ ਕਾਫ਼ੀ ਨਹੀਂ ਕਿ ਕੌਣ ਦਰਬਾਰ ਸਾਹਿਬ ਗਿਆ ਅਤੇ ਕੌਣ ਨਹੀਂ ਗਿਆ। ਅਸਲ ਸਵਾਲ ਇਹ ਹੈ ਕਿ ਸਿੱਖਾਂ ਦੇ ਇਤਿਹਾਸਕ ਦਰਦ ਅਤੇ ਉਨ੍ਹਾਂ ਦੇ ਨਿਆਂ ਨਾਲ ਜੁੜੇ ਸਵਾਲਾਂ ਉੱਤੇ ਸਿਆਸੀ ਪਾਰਟੀਆਂ ਨੇ ਅਮਲ ਵਿੱਚ ਕੀ ਕੀਤਾ?

ਇਸੇ ਤਰ੍ਹਾਂ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਪਾਰਟੀ ਨਾਲ ਜੁੜੇ ਲੋਕਾਂ ਵੱਲੋਂ ਸਾਹਮਣੇ ਆਏ ਪ੍ਰਤੀਕਰਮਾਂ ਨੂੰ ਵੀ ਇਸੇ ਵੱਡੇ ਸੰਦਰਭ ਵਿੱਚ ਵੇਖਣ ਦੀ ਲੋੜ ਹੈ।

ਜੇਕਰ ਇੱਕ ਪਾਰਟੀ 1984 ਦੇ ਪੀੜਤਾਂ ਨਾਲ ਹਮਦਰਦੀ ਅਤੇ ਪਛਤਾਵੇ ਦੀ ਗੱਲ ਕਰਦੀ ਹੈ ਪਰ ਉਸਦੇ ਆਗੂਆਂ ਦੇ ਬਿਆਨ ਜਾਂ ਵਿਹਾਰ ਕਿਸੇ ਹੋਰ ਕਿਸਮ ਦੀ ਭਾਵਨਾ ਪੈਦਾ ਕਰਦੇ ਹਨ ਤਾਂ ਫਿਰ ਸਵਾਲ ਉੱਠਣਾ ਸੁਭਾਵਿਕ ਹੈ ਕਿ ਉਸ ਪਾਰਟੀ ਦਾ 1984 ਪ੍ਰਤੀ ਅਸਲ ਪਛਤਾਵਾ ਕਿੰਨਾ ਡੂੰਘਾ ਹੈ ਅਤੇ ਕਿੰਨਾ ਸਿਆਸੀ ਹੈ ?

ਮੇਰੇ ਲਈ ਇਸ ਸਾਰੇ ਮਾਮਲੇ ਦਾ ਸਭ ਤੋਂ ਵੱਡਾ ਸਵਾਲ ਇਹ ਨਹੀਂ ਕਿ ਕਾਂਗਰਸ ਸਿੱਖਾਂ ਦੀ ਸਗੀ ਹੈ, ਭਾਜਪਾ ਸਿੱਖਾਂ ਦੀ ਸਗੀ ਹੈ ਜਾਂ ਆਮ ਆਦਮੀ ਪਾਰਟੀ ਸਿੱਖਾਂ ਦੀ ਸਗੀ ਹੈ।

ਮੇਰੇ ਲਈ ਅਸਲ ਸਵਾਲ ਇਹ ਹੈ ਕਿ ਕਿਹੜੀ ਸਿਆਸੀ ਪਾਰਟੀ ਸਿੱਖਾਂ ਦੇ ਇਤਿਹਾਸਕ ਦਰਦ ਨੂੰ ਇਮਾਨਦਾਰੀ ਨਾਲ ਸਮਝਣ ਲਈ ਤਿਆਰ ਹੈ?

ਕਿਹੜੀ ਪਾਰਟੀ ਸਿੱਖਾਂ ਦੇ ਬਿਰਤਾਂਤ ਨੂੰ ਸੁਣਨ ਲਈ ਤਿਆਰ ਹੈ?

ਕਿਹੜੀ ਪਾਰਟੀ 1984 ਨੂੰ ਸਿਰਫ਼ ਚੋਣੀ ਮੁੱਦਾ ਨਹੀਂ ਸਗੋਂ ਨਿਆਂ ਅਤੇ ਯਾਦ ਦਾ ਸਵਾਲ ਮੰਨਦੀ ਹੈ?

ਅਤੇ ਕਿਹੜੀ ਪਾਰਟੀ ਸਿੱਖਾਂ ਦੀ ਹਰ ਅਸਹਿਮਤੀ ਨੂੰ ਦਹਿਸ਼ਤਗਰਦੀ, ਕੱਟੜਵਾਦ ਜਾਂ ਫਿਰਕਾਪ੍ਰਸਤੀ ਦੇ ਖਾਨੇ ਵਿੱਚ ਪਾਉਣ ਦੀ ਬਜਾਏ ਇਹ ਸਮਝਣ ਦੀ ਕੋਸ਼ਿਸ਼ ਕਰਦੀ ਹੈ ਕਿ ਇਸਦੇ ਪਿੱਛੇ ਇਤਿਹਾਸ ਕੀ ਹੈ?

ਕਿਉਂਕਿ ਜੇ 1947 ਅਤੇ 1984 ਵਰਗੀਆਂ ਘਟਨਾਵਾਂ ਤੋਂ ਬਾਅਦ ਵੀ ਅਸੀਂ ਸਿਰਫ਼ ਆਪਣੀ ਸਿਆਸੀ ਸਹੂਲਤ ਮੁਤਾਬਕ ਇਤਿਹਾਸ ਨੂੰ ਯਾਦ ਕਰਾਂਗੇ ਕਿਸੇ ਇੱਕ ਭਾਈਚਾਰੇ ਦੇ ਦਰਦ ਨੂੰ ਆਪਣੀ ਸਿਆਸਤ ਲਈ ਵਰਤਾਂਗੇ ਅਤੇ ਉਸੇ ਭਾਈਚਾਰੇ ਦੇ ਬਿਰਤਾਂਤ ਨੂੰ ਸਮਝਣ ਤੋਂ ਇਨਕਾਰ ਕਰਾਂਗੇ ਤਾਂ ਫਿਰ ਸਾਨੂੰ ਇਹ ਮੰਨਣਾ ਪਵੇਗਾ ਕਿ ਅਸੀਂ ਇਤਿਹਾਸ ਤੋਂ ਕੁਝ ਸਿੱਖਿਆ ਹੀ ਨਹੀਂ।

ਅਤੇ ਸ਼ਾਇਦ ਇਸੇ ਕਰਕੇ ਅੱਜ ਵੀ ਸਭ ਤੋਂ ਔਖਾ ਸਵਾਲ ਇਹੀ ਹੈ। ਕੌਣ ਸਿੱਖਾਂ ਦਾ ਸਗਾ ਹੈ ? ਇਸ ਤੋਂ ਪਹਿਲਾਂ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਕੌਣ ਸਿੱਖਾਂ ਦੇ ਦਰਦ ਨੂੰ ਸਿਆਸਤ ਤੋਂ ਪਰੇ ਜਾ ਕੇ ਸਮਝਣ ਲਈ ਤਿਆਰ ਹੈ ?

~ ਹਰਪ੍ਰੀਤ ਸਿੰਘ ਕਾਹਲੋਂ

2 weeks ago | [YT] | 19

Adbi Baithak

ਸਰਕਾਰ ਅਤੇ ਲੋਕਾਂ ਦੇ ਵਿਚਕਾਰ ਸੰਘਰਸ਼ ਕੋਈ ਨਵੀਂ ਗੱਲ ਨਹੀਂ। ਇਹ ਸੰਘਰਸ਼ ਸ਼ੁਰੂ ਤੋਂ ਹੀ ਹਰ ਜਿਉਂਦੀ ਅਤੇ ਜਾਗਦੀ ਸੱਭਿਅਤਾ ਦਾ ਹਿੱਸਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ।

ਅਸਲ ਵਿੱਚ, ਸੱਤਾ ਨੂੰ ਸਵਾਲ ਕਰਨਾ, ਆਪਣੀਆਂ ਮੰਗਾਂ ਰੱਖਣਾ ਅਤੇ ਅਨਿਆਂ ਦੇ ਵਿਰੁੱਧ ਆਵਾਜ਼ ਉਠਾਉਣਾ ਕਿਸੇ ਵੀ ਲੋਕਾਈ ਦੀ ਕਮਜ਼ੋਰੀ ਨਹੀਂ ਸਗੋਂ ਉਸ ਦੇ ਜਿਉਂਦੇ ਹੋਣ ਦੀ ਨਿਸ਼ਾਨੀ ਹੈ।

ਲੋਕ ਆਪਣੀਆਂ ਮੰਗਾਂ ਲਈ ਵੱਖ-ਵੱਖ ਢੰਗ ਨਾਲ ਵਿਰੋਧ ਕਰਦੇ ਹਨ ਅਤੇ ਇੱਕ ਸੰਗਠਿਤ ਪ੍ਰੋਟੈਸਟ ਲਈ ਆਮ ਤੌਰ ’ਤੇ ਪਹਿਲਾਂ ਤੋਂ ਹੀ ਵਿਉਂਤਬੰਦੀ ਕੀਤੀ ਜਾਂਦੀ ਹੈ।

ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਫਲਾਣੀ ਤਾਰੀਖ਼ ਨੂੰ ਫਲਾਣੇ ਸਮੇਂ ਤੋਂ ਫਲਾਣੇ ਸਮੇਂ ਤੱਕ ਬੰਦ ਜਾਂ ਧਰਨਾ ਰਹੇਗਾ। ਇਹ ਆਪਣੀ ਗੱਲ ਸਿਸਟਮ ਦੇ ਅੰਦਰ ਰੱਖਣ ਦਾ ਇੱਕ ਬੁਨਿਆਦੀ ਢੰਗ ਹੈ।

ਮੰਗਾਂ ਮਨਵਾਉਣ ਦੇ ਰਸਤੇ ਇਤਿਹਾਸ ਵਿੱਚ ਦੋ ਤਰ੍ਹਾਂ ਦੇ ਰਹੇ ਹਨ। ਇੱਕ ਹਥਿਆਰਬੰਦ ਸੰਘਰਸ਼
ਅਤੇ ਦੂਜਾ ਸ਼ਾਂਤਮਈ
ਇੱਕ ਜਿਉਂਦਾ ਅਹਿਸਾਸ ਹਮੇਸ਼ਾ ਦੂਜੇ ਰਸਤੇ ਨੂੰ ਜਗ੍ਹਾ ਦਿੰਦਾ ਹੈ।

ਅੱਜ ਦੇ ਬੰਦ ਬਾਰੇ ਵੀ ਸਾਨੂੰ ਤਸਵੀਰ ਨੂੰ ਸਿਰਫ਼ ਸੋਸ਼ਲ ਮੀਡੀਆ ਦੀਆਂ ਰੀਲਾਂ ਰਾਹੀਂ ਨਹੀਂ ਸਗੋਂ ਜ਼ਮੀਨੀ ਹਕੀਕਤ ਰਾਹੀਂ ਦੇਖਣ ਦੀ ਲੋੜ ਹੈ।

ਇਹ ਸੱਚ ਹੈ ਕਿ ਸਮਾਜ ਦੇ ਕੁਝ ਤਬਕਿਆਂ ਵਿੱਚ ਇਸ ਬੰਦ ਪ੍ਰਤੀ ਗੁੱਸਾ ਜਾਂ ਅਸਹਿਮਤੀ ਹੈ ਅਤੇ ਉਸ ਨੂੰ ਵੀ ਸੁਣਿਆ ਜਾਣਾ ਚਾਹੀਦਾ ਹੈ ਪਰ ਇਹ ਵੀ ਉਨਾਂ ਹੀ ਸੱਚ ਹੈ ਕਿ ਬੰਦ ਦੌਰਾਨ ਹਸਪਤਾਲਾਂ ਨੂੰ ਜਾਣ ਵਾਲੇ ਮਰੀਜ਼ਾਂ, ਐਮਰਜੈਂਸੀ ਸੇਵਾਵਾਂ ਅਤੇ ਬਹੁਤ ਜ਼ਰੂਰੀ ਆਵਾਜਾਈ ਨੂੰ ਰਾਹ ਦੇਣ ਦੀ ਕੋਸ਼ਿਸ਼ ਕੀਤੀ ਗਈ ਅਤੇ ਕਈ ਥਾਵਾਂ ’ਤੇ ਇਸ ਦੀ ਪਾਲਣਾ ਵੀ ਹੋਈ।

ਇਸ ਲਈ ਕਿਸੇ ਇੱਕ ਚੁਣੀ ਹੋਈ ਵੀਡੀਓ ਜਾਂ ਰੀਲ ਨੂੰ ਪੂਰੇ ਬੰਦ ਦੀ ਲੋਕ-ਪ੍ਰਤੀਕਿਰਿਆ ਦਾ ਪ੍ਰਤੀਨਿਧੀ ਮੰਨ ਲੈਣਾ ਵੀ ਸਹੀ ਨਹੀਂ ਹੋਵੇਗਾ।

ਤਸਵੀਰ ਦਾ ਇੱਕ ਹਿੱਸਾ ਗੁੱਸਾ ਹੈ, ਦੂਜਾ ਹਿੱਸਾ ਸਮਰਥਨ ਹੈ ਅਤੇ ਤੀਜਾ ਹਿੱਸਾ ਉਹ ਲੋਕ ਹਨ ਜੋ ਸ਼ਾਇਦ ਮਸਲੇ ਨਾਲ ਸਹਿਮਤ ਨਾ ਹੋਣ ਪਰ ਵਿਰੋਧ ਕਰਨ ਦੇ ਲੋਕਤੰਤਰਕ ਹੱਕ ਨੂੰ ਸਮਝਦੇ ਹਨ।

ਪਰ ਅਸਲ ਸਵਾਲ ਇਹ ਹੈ ਕਿ ਬੰਦ ਕਿਉਂ ਹੈ? ਇਸ ਦੀ ਭਾਵਨਾ ਕੀ ਹੈ? ਜੋ ਲੋਕ ਇਸ ਦਾ ਵਿਰੋਧ ਕਰ ਰਹੇ ਹਨ ਕੀ ਉਹ ਇਸ ਦੇ ਪਿੱਛੇ ਪਏ ਬੁਨਿਆਦੀ ਸਵਾਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ?

ਅੱਜ ਜਿਹੜੀ ਗੱਲ ਸਾਡੇ ਆਪਣੇ ਨਾਲ ਨਹੀਂ ਹੋਈ ਉਸ ਨੂੰ ਅਸੀਂ ਸੌਖਿਆਂ ਗਲਤ ਕਹਿ ਦਿੰਦੇ ਹਾਂ ਪਰ ਕੱਲ੍ਹ ਨੂੰ ਇਹੋ ਜਿਹਾ ਅਨਿਆਂ ਸਾਡੇ ਆਪਣੇ ਨਾਲ, ਸਾਡੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਹੋਵੇ ਅਤੇ ਸਿਸਟਮ ਦੇ ਅੰਦਰ ਸਾਡੀ ਸੁਣਵਾਈ ਨਾ ਹੋਵੇ ਤਾਂ ਕੀ ਅਸੀਂ ਵੀ ਆਪਣੀ ਆਵਾਜ਼ ਬੁਲੰਦ ਕਰਨ ਲਈ ਕਿਸੇ ਤਰੀਕੇ ਦੀ ਤਲਾਸ਼ ਨਹੀਂ ਕਰਾਂਗੇ?

ਸਵਾਲ ਇੱਥੇ ਹੀ ਖੜ੍ਹਾ ਹੁੰਦਾ ਹੈ। ਕੀ ਨਿਆਂ ਦਾ ਮਾਪਦੰਡ ਸਿਰਫ਼ ਉਦੋਂ ਬਦਲ ਜਾਂਦਾ ਹੈ ਜਦੋਂ ਗੱਲ ਸਾਡੇ ਆਪਣੇ ਨੇੜੇ ਆਉਂਦੀ ਹੈ? ਜਦੋਂ ਮਾਮਲਾ ਆਪਣੇ ਉੱਤੇ ਹੋਵੇ ਤਾਂ ਅਸੀਂ ਆਪਣੇ ਹੱਕ ਨੂੰ ਨਿਆਂਸੰਗਤ ਕਹਿੰਦੇ ਹਾਂ ਪਰ ਜਦੋਂ ਉਹੀ ਹੱਕ ਕਿਸੇ ਦੂਜੇ ਦਾ ਹੋਵੇ ਤਾਂ ਅਸੀਂ ਉਸ ਦਾ ਵਿਰੋਧ ਕਰਨ ਲੱਗ ਪੈਂਦੇ ਹਾਂ।

ਲੋਕਾਈ ਦੀ ਅਸਲ ਪਰਖ ਇਹ ਹੈ ਕਿ ਅਸੀਂ ਦੂਜੇ ਦੇ ਹੱਕ ਨੂੰ ਵੀ ਉਸੇ ਨਜ਼ਰ ਨਾਲ ਦੇਖੀਏ ਜਿਸ ਨਜ਼ਰ ਨਾਲ ਆਪਣੇ ਹੱਕ ਨੂੰ ਦੇਖਦੇ ਹਾਂ।

ਇਸੇ ਸੰਦਰਭ ਵਿੱਚ ਇੱਕ ਰੀਲ ਵਿੱਚ ਇੱਕ ਪੰਜਾਬੀ ਸੱਜਣ ਇਹ ਕਹਿੰਦੇ ਸੁਣੇ ਕਿ ਜਿਨ੍ਹਾਂ ਨੇ ਕਤਲ ਕੀਤੇ ਹਨ ਉਨ੍ਹਾਂ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ। ਗੱਲ ਆਪਣੇ ਆਪ ਵਿੱਚ ਬਿਲਕੁਲ ਸਧਾਰਨ ਅਤੇ ਸਹੀ ਲੱਗਦੀ ਹੈ। ਜਿਸ ਨੇ ਜੁਰਮ ਕੀਤਾ ਹੈ, ਉਸ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲਣੀ ਚਾਹੀਦੀ ਹੈ।

ਪਰ ਸਵਾਲ ਇਹ ਹੈ ਕਿ ਸਜ਼ਾ ਦੀ ਵੀ ਇੱਕ ਕਾਨੂੰਨੀ ਮਿਆਦ ਹੁੰਦੀ ਹੈ। ਜੇ ਕਿਸੇ ਵਿਅਕਤੀ ਨੇ ਅਦਾਲਤ ਵੱਲੋਂ ਦਿੱਤੀ ਸਜ਼ਾ ਪੂਰੀ ਕਰ ਲਈ ਹੈ ਤਾਂ ਉਸ ਨੂੰ ਸਜ਼ਾ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਵੀ ਕੈਦ ਵਿੱਚ ਰੱਖਣ ਦਾ ਜਾਇਜ਼ਾ ਕੀ ਹੈ?

ਕਿਸੇ ਨੂੰ ਉਸ ਦੀ ਨਿਰਧਾਰਤ ਸਜ਼ਾ ਤੋਂ ਵੱਧ ਕੈਦ ਵਿੱਚ ਰੱਖਣਾ ਸਿਰਫ਼ ਇੱਕ ਵਿਅਕਤੀ ਦੀ ਆਜ਼ਾਦੀ ਦਾ ਮਾਮਲਾ ਨਹੀਂ ਸਗੋਂ ਕਾਨੂੰਨ ਦੇ ਰਾਜ ਅਤੇ ਮਨੁੱਖੀ ਆਜ਼ਾਦੀ ਦੇ ਬੁਨਿਆਦੀ ਸਿਧਾਂਤਾਂ ਦਾ ਸਵਾਲ ਹੈ।

ਇੱਥੇ ਬੰਦੀ ਸਿੰਘਾਂ ਦਾ ਮਸਲਾ ਵੀ ਇਸੇ ਵੱਡੇ ਸਵਾਲ ਨਾਲ ਜੁੜਦਾ ਹੈ। ਜੇ ਕੋਈ ਵਿਅਕਤੀ ਆਪਣੀ ਕਾਨੂੰਨੀ ਸਜ਼ਾ ਪੂਰੀ ਕਰ ਚੁੱਕਾ ਹੈ ਤਾਂ ਉਸ ਦੀ ਰਿਹਾਈ ਬਾਰੇ ਕਾਨੂੰਨ, ਸੰਵਿਧਾਨਕ ਸਿਧਾਂਤਾਂ ਅਤੇ ਲਾਗੂ ਨੀਤੀਆਂ ਦੇ ਅਨੁਸਾਰ ਫੈਸਲਾ ਹੋਣਾ ਚਾਹੀਦਾ ਹੈ।

ਜੇ ਇੱਕੋ ਜਿਹੇ ਮਾਮਲਿਆਂ ਵਿੱਚ ਦੇਸ਼ ਦੇ ਵੱਖ-ਵੱਖ ਖਿੱਤਿਆਂ ਲਈ ਵੱਖਰੇ ਮਾਪਦੰਡ ਵਰਤੇ ਜਾਂਦੇ ਹਨ ਤਾਂ ਸਵਾਲ ਪੁੱਛਣਾ ਸੁਭਾਵਿਕ ਹੈ ਕਿ ਕਾਨੂੰਨ ਦਾ ਮਾਪਦੰਡ ਇੱਕੋ ਜਿਹਾ ਕਿਉਂ ਨਹੀਂ?

ਨਾਗਾਲੈਂਡ, ਅਸਾਮ ਜਾਂ ਹੋਰ ਸੰਵੇਦਨਸ਼ੀਲ ਖਿੱਤਿਆਂ ਵਿੱਚ ਜੇ ਰਾਜ ਵੱਖਰੀਆਂ ਨੀਤੀਆਂ ਅਤੇ ਸਿਆਸੀ ਹਕੀਕਤਾਂ ਨੂੰ ਧਿਆਨ ਵਿੱਚ ਰੱਖ ਕੇ ਹੱਲ ਲੱਭ ਸਕਦਾ ਹੈ ਤਾਂ ਪੰਜਾਬ ਦੇ ਮਾਮਲੇ ਵਿੱਚ ਵੀ ਗੱਲਬਾਤ, ਕਾਨੂੰਨੀ ਪ੍ਰਕਿਰਿਆ ਅਤੇ ਮਨੁੱਖੀ ਪੱਖ ਨੂੰ ਇਕੱਠੇ ਰੱਖ ਕੇ ਹੱਲ ਕਿਉਂ ਨਹੀਂ ਲੱਭਿਆ ਜਾ ਸਕਦਾ?

ਕਿਸੇ ਵੀ ਮਸਲੇ ਨੂੰ ਸਿਰਫ਼ ਉਹ ਸਹੀ ਹਨ ਜਾਂ ਗਲਤ ਦੇ ਦੋ ਖਾਨਿਆਂ ਵਿੱਚ ਬੰਦ ਕਰ ਦੇਣਾ ਅਸਲ ਸਵਾਲਾਂ ਤੋਂ ਭੱਜਣਾ ਹੈ।

ਪਰ ਇਸ ਪੂਰੇ ਮਸਲੇ ਦਾ ਇੱਕ ਹੋਰ ਮਹੱਤਵਪੂਰਨ ਪੱਖ ਵੀ ਹੈ।

ਪ੍ਰੋਟੈਸਟ ਦਾ ਢੰਗ !

ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਹੋਏ ਇਤਿਹਾਸਕ ਕਿਸਾਨ ਸੰਘਰਸ਼ ਨੇ ਇਹ ਸਾਬਤ ਕੀਤਾ ਕਿ ਜਦੋਂ ਕੋਈ ਅੰਦੋਲਨ ਲੰਮਾ ਚੱਲਦਾ ਹੈ ਤਾਂ ਲੋਕਾਂ ਦੀ ਥਕਾਵਟ, ਸਹਿਯੋਗ ਦੀ ਕਮੀ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੀ ਬਦਲਦੀ ਪ੍ਰਤੀਕਿਰਿਆ ਨੂੰ ਵੀ ਸਮਝਣਾ ਪੈਂਦਾ ਹੈ।

ਜੇ ਕਿਸੇ ਪ੍ਰੋਟੈਸਟ ਦੀ ਰਣਨੀਤੀ ਕਾਰਨ ਆਮ ਲੋਕ ਆਪਣੇ ਆਪ ਨੂੰ ਉਸ ਤੋਂ ਦੂਰ ਮਹਿਸੂਸ ਕਰਨ ਲੱਗ ਪੈਣ ਤਾਂ ਸਿਰਫ਼ ਲੋਕਾਂ ਨੂੰ ਦੋਸ਼ ਦੇਣ ਦੀ ਬਜਾਏ ਪ੍ਰੋਟੈਸਟ ਕਰਨ ਵਾਲਿਆਂ ਨੂੰ ਵੀ ਆਪਣੀ ਰਣਨੀਤੀ ਬਾਰੇ ਮੁੜ ਸੋਚਣਾ ਚਾਹੀਦਾ ਹੈ।

ਵਿਰੋਧ ਦੀ ਆਵਾਜ਼ ਵੀ ਬੁਲੰਦ ਰਹੇ ਅਤੇ ਆਮ ਲੋਕਾਂ ਦੀ ਜ਼ਿੰਦਗੀ ਵੀ ਪੂਰੀ ਤਰ੍ਹਾਂ ਠੱਪ ਨਾ ਹੋਵੇ। ਇਸ ਲਈ ਨਵੇਂ ਤਰੀਕੇ ਸੋਚੇ ਜਾ ਸਕਦੇ ਹਨ।

ਮਿਸਾਲ ਵਜੋਂ ਜਿੱਥੇ ਚਾਰ-ਲੇਨ ਸੜਕ ਹੈ, ਉੱਥੇ ਪੂਰੀ ਸੜਕ ਬੰਦ ਕਰਨ ਦੀ ਬਜਾਏ ਕੁਝ ਸਮੇਂ ਲਈ ਸਿਰਫ਼ ਇੱਕ ਲੇਨ ਰਾਹੀਂ ਆਵਾਜਾਈ ਚਲਾਈ ਜਾ ਸਕਦੀ ਹੈ।

ਇਸ ਨਾਲ ਵਿਰੋਧ ਦੀ ਮੌਜੂਦਗੀ ਵੀ ਦਰਜ ਹੋਵੇਗੀ, ਸਰਕਾਰ ਅਤੇ ਪ੍ਰਸ਼ਾਸਨ ਤੱਕ ਸੁਨੇਹਾ ਵੀ ਜਾਵੇਗਾ ਅਤੇ ਐਮਰਜੈਂਸੀ ਜਾਂ ਆਮ ਜ਼ਰੂਰਤ ਵਾਲੇ ਲੋਕਾਂ ਲਈ ਰਸਤਾ ਵੀ ਬਚਿਆ ਰਹੇਗਾ।

ਪ੍ਰੋਟੈਸਟ ਦਾ ਮਤਲਬ ਸਿਰਫ਼ ਰਸਤਾ ਬੰਦ ਕਰਨਾ ਨਹੀਂ। ਪ੍ਰੋਟੈਸਟ ਦਾ ਮਤਲਬ ਆਪਣੀ ਅਸਹਿਮਤੀ ਨੂੰ ਇੰਨੀ ਸਪਸ਼ਟ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਦਰਜ ਕਰਵਾਉਣਾ ਹੈ ਕਿ ਉਸ ਨੂੰ ਅਣਡਿੱਠਾ ਕਰਨਾ ਮੁਸ਼ਕਲ ਹੋ ਜਾਵੇ।

ਇਤਿਹਾਸ ਵਿੱਚ ਇਸ ਤਰ੍ਹਾਂ ਦੇ ਵੀ ਉਦਾਹਰਨ ਹਨ ਜਿੱਥੇ ਵਿਰੋਧ ਨੇ ਅਨੁਸ਼ਾਸਨ ਅਤੇ ਦ੍ਰਿਸ਼ਟੀ ਦੋਵੇਂ ਨੂੰ ਆਪਣੀ ਤਾਕਤ ਬਣਾਇਆ।

ਗੁਰੂ ਕਾ ਬਾਗ ਮੋਰਚੇ ਦੇ ਸਮੇਂ ਅਕਾਲੀ ਜੱਥੇ ਲੰਮੀਆਂ ਕਤਾਰਾਂ ਵਿੱਚ ਆਪਣੇ ਨਿਸ਼ਾਨ ਅਤੇ ਤਖ਼ਤੀਆਂ ਲੈ ਕੇ ਇੱਕ ਅਜਿਹਾ ਵਿਰੋਧ ਦਰਜ ਕਰਵਾਉਂਦੇ ਸਨ ਜਿਸ ਦੀ ਤਸਵੀਰ ਆਪਣੇ ਆਪ ਵਿੱਚ ਇੱਕ ਸੁਨੇਹਾ ਬਣ ਜਾਂਦੀ ਸੀ।

ਅੱਜ ਦੇ ਸਮੇਂ ਵਿੱਚ ਇਸੇ ਤਰ੍ਹਾਂ ਵਿਰੋਧ ਦੀ ਆਵਾਜ਼ ਨੂੰ ਰਿਕਾਰਡ ਕਰਕੇ ਦਸਤਾਵੇਜ਼ਬੱਧ ਕਰਕੇ ਅਤੇ ਦੁਨੀਆ ਤੱਕ ਪਹੁੰਚਾਉਣਾ ਵੀ ਪ੍ਰੋਟੈਸਟ ਦੀ ਇੱਕ ਤਾਕਤਵਰ ਰਣਨੀਤੀ ਹੋ ਸਕਦੀ ਹੈ।

ਸਾਨੂੰ ਪ੍ਰੋਟੈਸਟ ਦੇ ਤਰੀਕਿਆਂ ਬਾਰੇ ਹੋਰ ਰਚਨਾਤਮਕ ਹੋਣ ਦੀ ਲੋੜ ਹੈ। ਅਜਿਹਾ ਕੀ ਕੀਤਾ ਜਾਵੇ ਕਿ ਸਾਡੀ ਗੱਲ ਵੀ ਕਹੀ ਜਾਵੇ ਸਾਡੇ ਵਿਰੋਧ ਦੀ ਹਾਜ਼ਰੀ ਵੀ ਦਰਜ ਹੋਵੇ, ਸਰਕਾਰ ਤੱਕ ਸੁਨੇਹਾ ਵੀ ਪਹੁੰਚੇ, ਮੀਡੀਆ ਉਸ ਨੂੰ ਅਣਡਿੱਠਾ ਨਾ ਕਰ ਸਕੇ, ਆਮ ਲੋਕਾਂ ਨੂੰ ਵੀ ਇਹ ਮਹਿਸੂਸ ਨਾ ਹੋਵੇ ਕਿ ਉਨ੍ਹਾਂ ਦੀ ਜ਼ਿੰਦਗੀ ਨੂੰ ਜਾਣਬੁੱਝ ਕੇ ਮੁਸ਼ਕਲ ਬਣਾਇਆ ਜਾ ਰਿਹਾ ਹੈ ਅਤੇ ਫਿਰ ਵੀ ਵਿਰੋਧ ਦੀ ਧਾਰ ਕਾਇਮ ਰਹੇ?

ਇਹੀ ਅੱਜ ਦੇ ਸਮੇਂ ਦਾ ਅਸਲ ਚੈਲੰਜ ਹੈ।

ਕਿਉਂਕਿ ਆਖ਼ਰ ਵਿੱਚ ਪ੍ਰੋਟੈਸਟ ਸਿਰਫ਼ ਸਰਕਾਰ ਦੇ ਵਿਰੁੱਧ ਨਹੀਂ ਹੁੰਦਾ। ਪ੍ਰੋਟੈਸਟ ਲੋਕਾਂ ਦੇ ਵਿਚਕਾਰ ਵੀ ਹੁੰਦਾ ਹੈ।

ਸਰਕਾਰ ਨੂੰ ਆਪਣੀ ਗੱਲ ਸੁਣਾਉਣ ਲਈ ਲੋਕਾਂ ਦੀ ਲੋੜ ਹੈ ਅਤੇ ਲੋਕਾਂ ਨੂੰ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਲਈ ਲੋਕਾਂ ਦੇ ਸਹਿਯੋਗ ਦੀ।

ਇਸ ਲਈ ਇੱਕ ਸਫ਼ਲ ਲੋਕਾਈ ਸੰਘਰਸ਼ ਉਹੀ ਹੈ ਜੋ ਆਪਣੀ ਆਵਾਜ਼ ਨੂੰ ਮਜ਼ਬੂਤ ਕਰੇ ਪਰ ਆਪਣੇ ਸੰਭਾਵੀ ਸਾਥੀਆਂ ਨੂੰ ਆਪਣੇ ਤੋਂ ਦੂਰ ਨਾ ਕਰੇ।

ਵਿਰੋਧ ਦੀ ਤਾਕਤ ਸਿਰਫ਼ ਇਸ ਗੱਲ ਵਿੱਚ ਨਹੀਂ ਕਿ ਕਿੰਨੀ ਦੇਰ ਸੜਕ ਬੰਦ ਰਹੀ। ਵਿਰੋਧ ਦੀ ਅਸਲ ਤਾਕਤ ਇਸ ਗੱਲ ਵਿੱਚ ਹੈ ਕਿ ਕਿੰਨੇ ਲੋਕ ਉਸ ਗੱਲ ਨੂੰ ਆਪਣੀ ਗੱਲ ਮੰਨਣ ਲੱਗੇ ਜਿਸ ਲਈ ਅਸੀਂ ਸੜਕ ’ਤੇ ਉਤਰੇ ਹਾਂ।

~ ਹਰਪ੍ਰੀਤ ਸਿੰਘ ਕਾਹਲੋਂ

3 weeks ago | [YT] | 29

Adbi Baithak

ਸਾਡੀ ਮਾਂ ਬੋਲੀ ਪੰਜਾਬੀ ਨਾਲ ਸਾਡਾ ਰਿਸ਼ਤਾ ਕਿੰਨਾ ਡੂੰਘਾ ਹੈ? ਕੀ ਸਾਡੀ ਆਪਣੀ ਗੈਰ-ਜ਼ਿੰਮੇਵਾਰੀ ਕਰਕੇ ਪੰਜਾਬੀ ਹੌਲੀ-ਹੌਲੀ ਸਾਡੇ ਘਰਾਂ, ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਅਤੇ ਸਾਡੀ ਅਗਲੀ ਪੀੜ੍ਹੀ ਤੋਂ ਦੂਰ ਹੋ ਰਹੀ ਹੈ?

ਇਸ ਗੱਲਬਾਤ ਵਿੱਚ ਬਾਤਾਂ ਵਾਲੀ ਬੀਬੀ ਗੁਰਮੀਤ ਕੌਰ ਨਾਲ ਪੰਜਾਬੀ ਮਾਂ ਬੋਲੀ, ਪੰਜਾਬੀ ਬਾਤਾਂ, ਲੋਕ-ਬੋਲੀ, ਪੀੜ੍ਹੀਆਂ ਵਿਚਕਾਰ ਭਾਸ਼ਾ ਦਾ ਰਿਸ਼ਤਾ ਅਤੇ ਪੰਜਾਬੀ ਨੂੰ ਜਿਉਂਦਾ ਰੱਖਣ ਦੀ ਸਾਡੀ ਜ਼ਿੰਮੇਵਾਰੀ ਬਾਰੇ ਵਿਸਤ੍ਰਿਤ ਗੱਲਬਾਤ ਕੀਤੀ ਗਈ ਹੈ।

ਇਹ ਸਿਰਫ਼ ਪੰਜਾਬੀ ਭਾਸ਼ਾ ਦੀ ਗੱਲ ਨਹੀਂ, ਸਗੋਂ ਸਾਡੀ ਯਾਦ, ਸਾਡੀ ਪਛਾਣ, ਸਾਡੇ ਲੋਕ-ਵਿਰਸੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਨਾਲ ਸਾਡੇ ਰਿਸ਼ਤੇ ਦੀ ਗੱਲ ਹੈ।

https://youtu.be/po3KgHvlRYE?si=EY4AR...

3 weeks ago | [YT] | 10

Adbi Baithak

ਬ੍ਰੇਨ ਸਟਰੋਕ, ਪੈਰਾਲਾਈਸਿਸ ਅਤੇ ਸਿਹਤ ਨਾਲ ਜੁੜੀਆਂ ਅਹਿਮ ਗੱਲਾਂ ਬਾਰੇ ਇਹ ਜ਼ਰੂਰੀ ਗੱਲਬਾਤ ਜ਼ਰੂਰ ਵੇਖੋ।

ਆਪਣੇ ਪਰਿਵਾਰ ਤੇ ਦੋਸਤਾਂ ਨਾਲ ਸਾਂਝੀ ਕਰੋ।

https://youtu.be/5giKYQGTCJk?si=sno9f...

4 weeks ago | [YT] | 8

Adbi Baithak

ਚੰਨੀ ਨੂੰ ਅੰਮ੍ਰਿਤਪਾਲ ਸਿੰਘ ਦੀ ਪਾਰਟੀ 'ਚ ਸ਼ਾਮਿਲ ਕਰਨ ਲਈ ਕੌਣ ਕਰ ਰਿਹਾ ਫ਼ੋਨ

ਅੰਮ੍ਰਿਤਪਾਲ ਸਿੰਘ ਲਈ ਕਿਹੜੀਆਂ ਏਜੰਸੀਆਂ ਬਣਾ ਰਹੀਆਂ ਹਵਾ

https://youtu.be/rQXOpsIvT_Q?si=Mo2Hq...

1 month ago | [YT] | 2